ਦੌਸਾ, 6 ਨਵੰਬਰ : ਰਾਜਸਥਾਨ ਦੇ ਦੌਸਾ ਦੇ ਕਲੈਕਟਰੇਟ ਨੇੜਿਓਂ ਲੰਘਦੇ ਰੇਲਵੇ ਓਵਰਬ੍ਰਿਜ ‘ਤੇ ਐਤਵਾਰ ਰਾਤ ਦਰਦਨਾਕ ਹਾਦਸਾ ਵਾਪਰਿਆ। ਸਵਾਰੀਆਂ ਨਾਲ ਭਰੀ ਬੱਸ ਓਵਰਬ੍ਰਿਜ ਦੀ ਰੇਲਿੰਗ ਤੋੜ ਕੇ ਰੇਲਵੇ ਟਰੈਕ ਨੇੜੇ ਜਾ ਡਿੱਗੀ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 29 ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਦਿੱਲੀ-ਜੈਪੁਰ ਰੇਲ ਮਾਰਗ ਕਰੀਬ ਢਾਈ ਘੰਟੇ ਤੱਕ ਬੰਦ ਰਿਹਾ। 7 ਗੰਭੀਰ ਜ਼ਖਮੀ ਯਾਤਰੀਆਂ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਨਿੱਜੀ ਬੱਸ ਹਰਿਦੁਆਰ ਤੋਂ ਉਦੈਪੁਰ ਵੱਲ ਜਾ ਰਹੀ ਸੀ। ਰਾਤ ਕਰੀਬ 2 ਵਜੇ ਜਿਵੇਂ ਹੀ ਇਹ ਓਵਰਬ੍ਰਿਜ ‘ਤੇ ਪਹੁੰਚੀ ਤਾਂ ਡਰਾਈਵਰ ਨੂੰ ਨੀਂਦ ਆ ਗਈ ਅਤੇ ਬੱਸ ਰੇਲਿੰਗ ਤੋੜ ਕੇ ਰੇਲਵੇ ਟਰੈਕ ਦੇ ਨੇੜੇ 30 ਫੁੱਟ ਹੇਠਾਂ ਜਾ ਡਿੱਗੀ। ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ- ਦਫੜੀ ਮੱਚ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਕਲੈਕਟਰ ਕਮਰ ਚੌਧਰੀ ਅਤੇ ASP ਬਜਰੰਗ ਸਿੰਘ ਸ਼ੇਖਾਵਤ ਮੌਕੇ ‘ਤੇ ਪਹੁੰਚੇ। ਇਸ ਤੋਂ ਬਾਅਦ ਰੇਲਵੇ ਅਧਿਕਾਰੀਆਂ ਨਾਲ ਗੱਲ ਕਰਕੇ ਦਿੱਲੀ- ਜੈਪੁਰ ਰੇਲ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਅਤੇ ਜ਼ਖਮੀਆਂ ਨੂੰ ਦੌਸਾ ਦੇ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਬੱਸ ਵਿੱਚ 35 ਤੋਂ ਵੱਧ ਯਾਤਰੀ ਸਵਾਰ ਸਨ, ਜੋ ਹਰਿਦੁਆਰ ਵਿੱਚ ਅਸਥੀਆਂ ਵਿਸਰਜਨ ਦੀ ਰਸਮ ਅਦਾ ਕਰਕੇ ਆਪਣੇ ਘਰਾਂ ਨੂੰ ਪਰਤ ਰਹੇ ਸਨ। ਹਾਦਸਾ ਇੰਨਾ ਦਰਦਨਾਕ ਸੀ ਕਿ ਸਵਾਰੀਆਂ ਕਰੀਬ ਇੱਕ ਘੰਟੇ ਤੱਕ ਬੱਸ ਵਿੱਚ ਫਸੀਆਂ ਰਹੀਆਂ, ਜਿਨ੍ਹਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਇਸ ਹਾਦਸੇ ‘ਚ 29 ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ‘ਚ ਜ਼ਿਆਦਾਤਰ ਜੈਪੁਰ, ਟੋਂਕ ਅਤੇ ਪੱਛਮੀ ਬੰਗਾਲ ਦੇ ਨਿਵਾਸੀ ਹਨ। ਹਾਦਸੇ ‘ਚ ਹਸਤੀਮਲ ਵਾਸੀ ਅਗਦੀਆ ਰਾਜਸਮੰਦ, ਅੰਕਿਤ ਕਸ਼ਯਪ ਵਾਸੀ ਹਰਿਦੁਆਰ, ਨੰਦਕਿਸ਼ੋਰ, ਗੀਤਾ ਬਾਈ ਤੇ ਲਲਿਤਾ ਬਾਈ ਵਾਸੀ ਸਬਲਗੜ੍ਹ ਬੂੰਦੀ, ਸਾਧੀ ਵਾਸੀ ਸੋਡਾਲਾ ਜੈਪੁਰ, ਅਜੈਪਾਲ ਸਿੰਘ ਵਾਸੀ ਦਾਤਾਰਾਮਗੜ੍ਹ ਸੀਕਰ, ਵਿਦਿਆ ਦੇਵੀ ਵਾਸੀ ਗਣਗੋਰੀਬਾਜ਼ਾਰ ਜੈਪੁਰ, ਦੇਵਾਨੰਦ, ਮੋਹਮਾਯਾ, ਦੀਪਾਂਕਰ ਵਾਸੀ ਮੁਰਸ਼ਿਦਾਬਾਦ ਕੋਲਕਾਤਾ, ਊਸ਼ਾ ਕੋਲੀ, ਕਿਸ਼ਨ ਦੇਵੀ, ਚੇਲੀ ਵਾਸੀ ਜੈਪੁਰ ਜ਼ਖ਼ਮੀ ਹੋ ਗਏ। ਜ਼ਖਮੀਆਂ ‘ਚ ਮੁਨਸ਼ੀ ਵਾਸੀ ਬੰਗਾਲ, ਰੂਪਨਾਰਾਇਣ ਵਾਸੀ ਜੋਸ਼ੀ ਕਾਲੋਨੀ ਜੈਪੁਰ, ਗੁਲਾਬਚੰਦ ਵਾਸੀ ਬੜੀ ਚੌਪਰ ਜੈਪੁਰ, ਲਾਲਾਰਾਮ ਸੈਣੀ, ਰਾਧਾ ਅਤੇ ਸੰਤਾਰਾ ਸੈਣੀ ਵਾਸੀ ਨਿਵਾਈ ਟੋਂਕ, ਸੋਹਨਲਾਲ ਵਾਸੀ ਗੋਨੇਰ ਜੈਪੁਰ, ਮੁਹੰਮਦ ਕਾਸਿਮ ਵਾਸੀ ਅਜਮੇਰ, ਸੁਨੀਤਾ ਦੇਵੀ ਵਾਸੀ ਪ੍ਰਤਾਪ ਨਗਰ ਚਿਤੌੜਗੜ੍ਹ, ਓਮੀ ਦੇਵੀ ਮਹਾਵਰ ਵਾਸੀ ਗੰਗਾਪੋਲ ਜੈਪੁਰ, ਅਕਸ਼ਰਾ ਕੁਮਾਰ ਵਾਸੀ ਮਾਲਪੁਰਾ ਟੋਂਕ, ਮੌਸਮੀ ਵਾਸੀ ਮੁਰਸ਼ਿਦਾਬਾਦ ਪੱਛਮੀ ਬੰਗਾਲ ਵੀ ਸ਼ਾਮਿਲ ਹਨ। ਇਨ੍ਹਾਂ ਜ਼ਖਮੀਆਂ ਵਿੱਚੋਂ 7 ਗੰਭੀਰ ਜ਼ਖਮੀਆਂ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ। ਇਸ ਹਾਦਸੇ ਵਿੱਚ ਚੰਦਨਾ ਪਰਵੀਨ (60) ਵਾਸੀ ਨਾਦੀਆ, ਪੱਛਮੀ ਬੰਗਾਲ, ਇੱਕ ਔਰਤ ਅਤੇ ਦੋ ਪੁਰਸ਼ਾਂ ਸਮੇਤ ਮੌਤ ਹੋ ਗਈ। ਤਿੰਨਾਂ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।