ਰੋਹਤਾਸ, 25 ਸਤੰਬਰ 2024 : ਰੋਹਤਾਸ ਜ਼ਿਲੇ ਦੇ ਬਿਕਰਮਗੰਜ-ਸਾਸਾਰਾਮ ਰੋਡ 'ਤੇ ਇਕ ਟਰੱਕ ਵਲੋਂ ਕੁਚਲੇ ਜਾਣ ਕਾਰਨ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਕਰਮਚਾਰੀ ਚੋਣ ਕਮਿਸ਼ਨ ਦੀ ਕਾਂਸਟੇਬਲ ਭਰਤੀ ਦੀ ਸਰੀਰਕ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਦੌੜ ਦਾ ਅਭਿਆਸ ਕਰ ਰਹੇ ਸਨ। ਮ੍ਰਿਤਕਾਂ ਦੀ ਪਛਾਣ ਦੀਪਕ ਤੇ ਸਤੇਂਦਰ ਕੁਮਾਰ ਦੇ ਰੂਪ 'ਚ ਹੋਈ ਹੈ। ਸਤੇਂਦਰ ਸੋਨੀ ਪਿੰਡ 'ਚ ਹੀ ਆਪਣੇ ਨਾਨਕੇ ਘਰ ਰਹਿ ਕੇ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਹਾਦਸੇ ਤੋਂ ਬਾਅਦ ਭੜਕੇ ਪਿੰਡ ਵਾਸੀਆਂ ਨੇ ਲਾਸ਼ ਨੂੰ ਆਰਾ-ਸਾਸਾਰਾਮ ਮਾਰਗ 'ਤੇ ਰੱਖ ਕੇ ਰਸਤਾ ਜਾਮ ਕਰ ਦਿੱਤਾ। ਦੋ ਘੰਟੇ ਬਾਅਦ ਮੌਕੇ 'ਤੇ ਪਹੁੰਚ ਕੇ ਬੀਡੀਓ ਤੇ ਸੀਓ ਨੇ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ, ਫਿਰ ਜਾ ਕੇ ਪਿੰਡਵਾਸੀਆਂ ਨੇ ਜਾਮ ਹਟਾਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਦੀਪਕ ਤੇ ਸਤੇਂਦਰ ਲਿਖਤੀ ਪ੍ਰੀਖਿਆ 'ਚ ਸਫਲ ਹੋ ਗਏ ਸਨ। ਅਗਲੇ ਮਹੀਨੇ ਹੀ ਸਰੀਰਕ ਪ੍ਰੀਖਿਆ ਦੇਣੀ ਸੀ। ਇਸ ਲਈ ਉਹ ਰੋਜ਼ਾਨਾ ਸੜਕ ਕਿਨਾਰੇ ਦੌੜ ਲਾ ਰਹੇ ਸਨ। ਉਨ੍ਹਾਂ ਦੇ ਨਾਲ ਹੋਰ ਨੌਜਵਾਨ ਵੀ ਦੌੜ ਰਹੇ ਸਨ। ਉਲਟ ਦਿਸ਼ਾ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਤਿੰਨੇ ਨੌਜਵਾਨਾਂ ਨੂੰ ਕੁਚਲ ਦਿੱਤਾ। ਚਾਲਕ ਟਰੱਕ ਲੈਕੇ ਫ਼ਰਾਰ ਹੋ ਗਿਆ।