ਸ਼੍ਰੀਨਗਰ, 14 ਸਤੰਬਰ 2024 : ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਮੁਕਾਬਲੇ 'ਚ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਸ਼ੁੱਕਰਵਾਰ ਦੇਰ ਰਾਤ ਉੱਤਰੀ ਕਸ਼ਮੀਰ ਜ਼ਿਲੇ ਦੇ ਪੱਟਨ ਖੇਤਰ ਦੇ ਚੱਕ ਟਾਪਰ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਜੰਮੂ-ਕਸ਼ਮੀਰ ਪੁਲਿਸ ਦੇ ਅਨੁਸਾਰ, ਸੁਰੱਖਿਆ ਬਲਾਂ ਦੀ ਇੱਕ ਸਰਚ ਪਾਰਟੀ 'ਤੇ ਅੱਤਵਾਦੀਆਂ ਵੱਲੋਂ ਗੋਲੀਬਾਰੀ ਕਰਨ ਤੋਂ ਬਾਅਦ ਆਪ੍ਰੇਸ਼ਨ ਮੁਕਾਬਲੇ ਵਿੱਚ ਬਦਲ ਗਿਆ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਤਿੰਨ ਅੱਤਵਾਦੀ ਮਾਰੇ ਗਏ। ਫਿਲਹਾਲ ਇਲਾਕੇ 'ਚ ਅੱਤਵਾਦੀ ਅਤੇ ਉਸ ਦੇ ਗਰੁੱਪ ਦੀ ਪਛਾਣ ਕੀਤੀ ਜਾ ਰਹੀ ਹੈ। ਪਿਛਲੇ ਸ਼ੁੱਕਰਵਾਰ ਨੂੰ ਵੀ ਕਿਸ਼ਤਵਾੜ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ ਸੀ। ਜਿਸ ਵਿੱਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਪ੍ਰਧਾਨ ਮੰਤਰੀ ਮੋਦੀ ਜਿਸ ਥਾਂ 'ਤੇ ਹਮਲਾ ਹੋਇਆ, ਉਸ ਤੋਂ 20 ਕਿਲੋਮੀਟਰ ਦੂਰ ਕਿਸ਼ਤਵਾੜ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਦੀ ਜਨ ਸਭਾ ਤੋਂ ਕੁਝ ਘੰਟੇ ਪਹਿਲਾਂ ਹੋਏ ਇਸ ਹਮਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ 'ਤੇ ਹਨ।