ਨਾਗਪੁਰ, 19 ਜੂਨ : ਨਾਗਪੁਰ ’ਚ ਖੇਡਣ ਲਈ ਕਾਰ ’ਚ ਫਸੇ ਤਿੰਨ ਬੱਚਿਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਕਾਰ ਦੇ ਦਰਵਾਜ਼ੇ ਲਾਕ ਹੋ ਗਏ ਤੇ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਹ ਬਾਹਰ ਨਹੀਂ ਨਿਕਲ ਸਕੇ। ਪੋਸਟਮਾਰਟਮ ਰਿਪੋਰਟ ’ਚ ਬੱਚਿਆਂ ਦੀ ਮੌਤ ਦਾ ਕਾਰਨ ਦਮ ਘੁੱਟਣਾ ਦੱਸਿਆ ਗਿਆ ਹੈ। ਇਹ ਕਾਰ ਨਾਗਪੁਰ ਦੇ ਇਕ ਸਥਾਨਕ ਵਿਅਕਤੀ ਦੀ ਸੀ, ਜੋ ਆਸਪਾਸ ਦੇ ਇਕ ਗੈਰੇਜ ਮਕੈਨਿਕ ਨੇ ਪਾਵਰਲੂਮ ਵਰਕਸ਼ਾਪ ਦੇ ਬਾਹਰ ਖੜ੍ਹਾ ਕੀਤਾ ਸੀ। ਇਹ ਬੱਚੇ ਫਾਰੂਕ ਨਗਰ ਤੋਂ ਲਾਪਤਾ ਸਨ। ਉਹ ਸ਼ਨਿਚਰਵਾਰ ਦੁਪਹਿਰ ਆਪਣੇ ਘਰ ਬਾਹਰ ਖੇਡਣ ਲਈ ਗਏ ਸਨ। ਇਸੇ ਦੌਰਾਨ ਉਹ ਕੋਲ ਖੜ੍ਹੀ ਕਾਰ ’ਚ ਵੜ ਗਏ। ਇਸੇ ਦੌਰਾਨ ਉਸ ਦੇ ਦਰਵਾਜ਼ੇ ਲਾਕ ਹੋ ਗਏ। ਬਹੁਤ ਕੋਸ਼ਿਸ਼ ਤੋਂ ਬਾਅਦ ਵੀ ਬੱਚੇ ਕਾਰ ’ਚੋਂ ਬਾਹਰ ਨਹੀਂ ਨਿਕਲ ਸਕੇ। ਤਕਰੀਬਨ 30 ਘੰਟੇ ਬਾਅਦ ਇਕ ਸਥਾਨਕ ਔਰਤ ਨੇ ਉੁੱਥੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਸਥਾਨਕ ਲੋਕ ਅਤੇ ਪੁਲਿਸ ਦੀ ਟੀਮ ਕਾਰ ਦੀ ਜਾਂਚ ਲਈ ਮੌਕੇ ’ਤੇ ਪਹੁੰਚੀ। ਪੁਲਿਸ ਨੂੰ ਕਾਰ ’ਚੋਂ ਤਿੰਨੋਂ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ।