ਨਵੀਂ ਦਿੱਲੀ, 29 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਨਾਲ ਮਨ ਕੀ ਬਾਤ ਪ੍ਰੋਗਰਾਮ ਦਾ ਇਹ 106ਵਾਂ ਐਪੀਸੋਡ ਹੈ ਤੇ ਇਸ ਵਾਰ ਪ੍ਰਧਾਨ ਮੰਤਰੀ ਨੇ ਤਿਉਹਾਰਾਂ 'ਤੇ ਚਰਚਾ ਕਰਕੇ ਸ਼ੁਰੂਆਤ ਕੀਤੀ। ਪੀਐੱਮ ਮੋਦੀ ਨੇ ਕਿਹਾ ਕਿ ਇਸ ਵਾਰ ਤਾਂ ਤਿਉਹਾਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਬਾਜ਼ਾਰਾਂ 'ਚ ਰੌਣਕਾਂ ਲੱਗ ਗਈਆਂ ਹਨ ਪਰ ਇਸ 'ਚ ਖਾਸ ਗੱਲ ਇਹ ਹੈ ਕਿ ਵੋਕਲ ਫਾਰ ਲੋਕਲ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪੀਐੱਮ ਮੋਦੀ ਨੇ ਕਿਹਾ ਕਿ ਇਸ ਵਾਰ ਤਿਉਹਾਰਾਂ ਦੌਰਾਨ ਖਰੀਦਦਾਰੀ ਕਰਦੇ ਸਮੇਂ ਵੋਕਲ ਫਾਰ ਲੋਕਲ ਮੁਹਿੰਮ ਨੂੰ ਧਿਆਨ ਵਿੱਚ ਰੱਖੋ ਤੇ ਜਿੱਥੇ ਵੀ ਜਾਓ ਲੋਕਲ ਲੋਕਾਂ ਨਾਲ ਹੀ ਖਰੀਦਦਾਰੀ ਕਰਨ ਦੀ ਆਦਤ ਬਣਾਓ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਗਾਂਧੀ ਜੈਅੰਤੀ ਦੇ ਮੌਕੇ 'ਤੇ ਖਾਦੀ ਦੀ ਵਿਕਰੀ ਬਾਰੇ ਗੱਲ ਕੀਤੀ। ਪੀਐੱਮ ਨੇ ਕਿਹਾ ਕਿ ਹੁਣ ਖਾਦੀ ਨੂੰ ਲੈ ਕੇ ਲੋਕਾਂ ਵਿੱਚ ਕ੍ਰੇਜ਼ ਪੈਦਾ ਹੋ ਗਿਆ ਹੈ ਤੇ ਇਸ ਦਾ ਅਸਰ ਦਿੱਲੀ ਵਿੱਚ ਦਿਖਾਈ ਦੇ ਰਿਹਾ ਹੈ ਜਿੱਥੇ ਖਾਦੀ ਦੀ ਰਿਕਾਰਡ ਵਿਕਰੀ ਹੋਈ ਹੈ। ਪੀਐੱਮ ਨੇ ਕਿਹਾ ਕਿ ਕਨਾਟ ਪਲੇਸ ਵਿੱਚ ਇੱਕ ਖਾਦੀ ਸਟੋਰ ਵਿੱਚ, ਲੋਕਾਂ ਨੇ ਇੱਕ ਦਿਨ ਵਿੱਚ 1.5 ਕਰੋੜ ਰੁਪਏ ਤੋਂ ਵੱਧ ਦਾ ਸਮਾਨ ਖਰੀਦਿਆ। ਇਸ ਮਹੀਨੇ ਹੋਣ ਵਾਲੇ ਖਾਦੀ ਮਹੋਤਸਵ ਨੇ ਇਕ ਵਾਰ ਫਿਰ ਆਪਣੇ ਸਾਰੇ ਪੁਰਾਣੇ ਵਿਕਰੀ ਰਿਕਾਰਡ ਤੋੜ ਦਿੱਤੇ ਹਨ। ਪੀਐੱਮ ਨੇ ਅੱਗੇ ਕਿਹਾ ਕਿ ਖਾਦੀ ਦੀ ਵਿਕਰੀ ਨਾਲ ਨਾ ਸਿਰਫ਼ ਸ਼ਹਿਰ ਨੂੰ ਸਗੋਂ ਪਿੰਡਾਂ ਨੂੰ ਵੀ ਫ਼ਾਇਦਾ ਹੁੰਦਾ ਹੈ। ਜੁਲਾਹੇ, ਦਸਤਕਾਰੀ ਕਾਰੀਗਰਾਂ ਤੋਂ ਲੈ ਕੇ ਕਿਸਾਨਾਂ ਤੱਕ ਇਸ ਦੀ ਵਿਕਰੀ ਤੋਂ ਲਾਭ ਉਠਾਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 31 ਅਕਤੂਬਰ ਸਾਡੇ ਸਾਰਿਆਂ ਲਈ ਬਹੁਤ ਖਾਸ ਦਿਨ ਹੈ। ਇਸ ਦਿਨ ਅਸੀਂ ਆਪਣੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਮਨਾਉਂਦੇ ਹਾਂ। ਅਸੀਂ ਭਾਰਤੀ ਕਈ ਕਾਰਨਾਂ ਕਰਕੇ ਉਨ੍ਹਾਂ ਨੂੰ ਯਾਦ ਕਰਦੇ ਹਾਂ ਤੇ ਸ਼ਰਧਾਂਜਲੀ ਭੇਟ ਕਰਦੇ ਹਾਂ। ਪੀਐੱਮ ਨੇ ਅੱਗੇ ਕਿਹਾ ਕਿ ਸਰਦਾਰ ਸਾਹਬ ਦੀ ਜੈਅੰਤੀ ਵਾਲੇ ਦਿਨ ਇੱਕ ਬਹੁਤ ਵੱਡੇ ਦੇਸ਼ ਵਿਆਪੀ ਸੰਗਠਨ ਦੀ ਨੀਂਹ ਰੱਖੀ ਜਾ ਰਹੀ ਹੈ ਤੇ ਇਸ ਸੰਗਠਨ ਦਾ ਨਾਮ - ਮੇਰਾ ਯੁਵਾ ਭਾਰਤ, ਮਤਲਬ MYBharat ਸੰਗਠਨ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਗਠਨ ਭਾਰਤ ਦੇ ਨੌਜਵਾਨਾਂ ਨੂੰ ਵੱਖ-ਵੱਖ ਰਾਸ਼ਟਰ ਨਿਰਮਾਣ ਸਮਾਗਮਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਮੌਕਾ ਦੇਵੇਗਾ।