ਬੱਦੀ, 02 ਫਰਵਰੀ : ਹਿਮਾਚਲ ਪ੍ਰਦੇਸ਼ ਦੇ ਬੱਦੀ ‘ਚ ਸ਼ੁੱਕਰਵਾਰ ਨੂੰ ਇਕ ਕਾਸਮੈਟਿਕ ਅਤੇ ਪਰਫਿਊਮ ਬਣਾਉਣ ਵਾਲੀ ਫੈਕਟਰੀ ‘ਚ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਕਈ ਮਜ਼ਦੂਰ ਅੰਦਰ ਫਸੇ ਹੋਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਤੱਕ 30 ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ ਹੈ। 20 ਮਜ਼ਦੂਰਾਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਦਕਿ 2 ਮਜ਼ਦੂਰਾਂ ਨੂੰ ਚੰਡੀਗੜ੍ਹ ਪੀ.ਜੀ.ਆਈ. ਰੈਫਰ ਕਰ ਦਿੱਤਾ ਹੈ | ਐਨਡੀਆਰਐਫ ਅਤੇ ਕਰੀਬ 11 ਫਾਇਰ ਟੈਂਡਰ ਅੱਗ ਬੁਝਾਉਣ ਵਿੱਚ ਜੁਟੇ ਹੋਏ ਹਨ। ਚੰਡੀਮੰਦਰ ਕੈਂਟ, ਪੰਚਕੂਲਾ, ਹਰਿਆਣਾ ਤੋਂ ਫੌਜ ਦੀ ਟੀਮ ਵੀ ਬਚਾਅ ਵਿੱਚ ਮੱਦਦ ਲਈ ਬੱਦੀ ਪਹੁੰਚ ਗਈ ਹੈ। ਮਜ਼ਦੂਰਾਂ ਨੂੰ ਬਚਾ ਕੇ ਤੁਰੰਤ ਹਸਪਤਾਲ ਲਿਜਾਇਆ ਜਾ ਰਿਹਾ ਹੈ। ਫੈਕਟਰੀ ਵਿੱਚ ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਹਨ। ਨੇੜੇ ਦੀਆਂ ਫੈਕਟਰੀਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸੋਲਨ ਦੇ ਡੀਸੀ ਮਨਮੋਹਨ ਸ਼ਰਮਾ ਨੇ ਦੱਸਿਆ ਕਿ ਜਿਸ ਸਮੇਂ ਅੱਗ ਲੱਗੀ ਉਸ ਸਮੇਂ ਅੰਦਰ ਕਰੀਬ 30 ਤੋਂ 35 ਮਜ਼ਦੂਰ ਸਨ। ਅੱਗ ਲੱਗੀ ਨੂੰ ਕਰੀਬ 3 ਘੰਟੇ ਬੀਤ ਚੁੱਕੇ ਹਨ। ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਬੁਝਾਉਣ ਵਿੱਚ ਜੁਟੀਆਂ ਹੋਈਆਂ ਹਨ।