
ਰਾਜਸਮੰਦ, 08 ਦਸੰਬਰ 2024 : ਰਾਜਸਥਾਨ ਦੇ ਰਾਜਸਮੰਦ ’ਚ ਅੱਜ ਸਵੇਰੇ ਸਕੂਲੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ’ਚ 3 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। 25 ਤੋਂ ਜ਼ਿਆਦਾ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਚਾਰਭੁਜਾ ਮੰਦਰ ਤੋਂ ਦਰਸ਼ਨ ਕਰਕੇ ਪਰਸ਼ੂਰਾਮ ਮਹਾਦੇਵ ਜਾ ਰਹੀ ਪਿਕਨਿਕ ਬੱਸ ਰਾਜਸਮੰਦ ਦੇ ਚਾਰਭੁਜਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਦੇਸੂਰੀ ਦੇ ਨਾਲੇ ’ਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਤੇ ਬੱਸ ਟੋਏ ’ਚ ਜਾ ਡਿੱਗੀ। ਜਿਸ ਕਾਰਨ 3 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇਸ ਦੇ ਨਾਲ ਹੀ 25 ਤੋਂ ਜ਼ਿਆਦਾ ਜ਼ਖਮੀ ਹੋ ਗਏ। ਮ੍ਰਿਤਕ ਬੱਚਿਆਂ ਦੇ ਪਰਿਵਾਰ ਡੂੰਘੇ ਸਦਮੇ ’ਚ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ। ਸੂਚਨਾ ਮਿਲਣ ’ਤੇ ਰਾਜਸਮੰਦ ਦੇ ਐਸਪੀ ਸਮੇਤ ਕਈ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਮ੍ਰਿਤਕ ਆਮੇਟ ਇਲਾਕੇ ਦੀ ਰਾਜਹੇੜੀ ਪੰਚਾਇਤ ਦੇ ਸਰਕਾਰੀ ਸਕੂਲ ’ਚ ਪੜ੍ਹਦੇ ਸਨ। ਦੱਸਿਆ ਜਾ ਰਿਹਾ ਹੈ ਕਿ ਬੱਸ ’ਚ ਕਰੀਬ 65 ਬੱਚੇ ਸਵਾਰ ਸਨ। ਹਾਦਸੇ ’ਚ ਸਕੂਲ ਦੇ ਪ੍ਰਿੰਸੀਪਲ ਤੇ ਇੱਕ ਅਧਿਆਪਕ ਦੇ ਵੀ ਸੱਟਾਂ ਆਈਆਂ ਹਨ।