ਅਰਬਪਤੀਆਂ ਲਈ ਲਾਲ ਕਾਲੀਨ ਵਿਛਾਇਆ, ਪਰ ਰਾਸ਼ਟਰਪਤੀ, ਗਰੀਬ, ਬੇਰੁਜ਼ਗਾਰ ਨੌਜੁਆਨਾਂ ਅਤੇ ਕਿਸਾਨਾਂ ਲਈ ਕੋਈ ਥਾਂ ਨਹੀਂ ਸੀ : ਰਾਹੁਲ ਗਾਂਧੀ

ਚੰਦੌਲੀ, 16 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਰਾਮ ਮੰਦਰ ਦੇ ਜਸ਼ਨ ’ਚ ਮੋਦੀ ਜੀ, ਅੰਬਾਨੀ ਜੀ, ਅਡਾਨੀ ਜੀ ਅਤੇ ਹੋਰ ਅਰਬਪਤੀਆਂ ਲਈ ਲਾਲ ਕਾਲੀਨ ਵਿਛਾਇਆ ਗਿਆ ਸੀ, ਪਰ ਦੇਸ਼ ਦੇ ਆਦਿਵਾਸੀ ਰਾਸ਼ਟਰਪਤੀ, ਗਰੀਬ, ਬੇਰੁਜ਼ਗਾਰ ਨੌਜੁਆਨਾਂ ਅਤੇ ਕਿਸਾਨਾਂ ਲਈ ਕੋਈ ਥਾਂ ਨਹੀਂ ਸੀ। ਰਾਹੁਲ ਗਾਂਧੀ ਇੱਥੇ ‘ਭਾਰਤ ਜੋੜੋ ਨਿਆਂ ਯਾਤਰਾ’ ਦੌਰਾਨ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਬਿਹਾਰ ਤੋਂ ਰਾਹੁਲ ਗਾਂਧੀ ਦੀ ਨਿਆਂ ਯਾਤਰਾ ਦੁਪਹਿਰ ਨੂੰ ਉੱਤਰ ਪ੍ਰਦੇਸ਼ ਦੇ ਚੰਦੌਲੀ ਪਹੁੰਚੀ, ਜਿੱਥੇ ਕਾਂਗਰਸ ਨੇਤਾਵਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਬਿਹਾਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਖਿਲੇਸ਼ ਸਿੰਘ ਨੇ ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੈ ਰਾਏ ਨੂੰ ਨਿਆਂ ਯਾਤਰਾ ਦਾ ਝੰਡਾ ਸੌਂਪਿਆ। ਇਸ ਮੌਕੇ ਰਾਜ ਸਭਾ ਮੈਂਬਰ ਪ੍ਰਮੋਦ ਤਿਵਾੜੀ ਅਤੇ ਸਾਬਕਾ ਸੂਬਾ ਪ੍ਰਧਾਨ ਅਜੇ ਕੁਮਾਰ ਲੱਲੂ ਵੀ ਮੌਜੂਦ ਸਨ। ਰਾਹੁਲ ਗਾਂਧੀ ਨੇ ਅਪਣੇ ਸੰਬੋਧਨ ’ਚ ਮੀਡੀਆ ’ਤੇ ਵੀ ਵਿਅੰਗ ਕਰਦਿਆਂ ਕਿਹਾ ਕਿ ਦੇਸ਼ ’ਚ ਅਰਬਪਤੀਆਂ ਲਈ ਕੰਮ ਕੀਤਾ ਜਾ ਰਿਹਾ ਹੈ, ਕਿਸਾਨਾਂ ਦੀ ਜ਼ਮੀਨ ਖੋਹੀ ਜਾ ਰਹੀ ਹੈ, ਮਹਿੰਗਾਈ ਵਧ ਰਹੀ ਹੈ, ਬੇਰੁਜ਼ਗਾਰੀ ਵਧ ਰਹੀ ਹੈ, ਪਰ ਟੀ.ਵੀ. ’ਤੇ ਕਦੇ ਅਜਿਹਾ ਕੀ ਵੇਖਿਆ ਗਿਆ? ਉਨ੍ਹਾਂ ਕਿਹਾ, ‘‘ਇਹ ‘ਮੋਦੀ ਮੀਡੀਆ’ ਤੁਹਾਨੂੰ ਅਮਿਤਾਭ ਬੱਚਨ, ਐਸ਼ਵਰਿਆ ਰਾਏ, ਪਾਕਿਸਤਾਨ ਦੇ ਲੈਕਚਰ ਵਿਖਾਏਗਾ ਪਰ ਤੁਸੀਂ ਮੀਡੀਆ ’ਚ ਬੇਰੁਜ਼ਗਾਰੀ ਅਤੇ ਮਹਿੰਗਾਈ ਨਹੀਂ ਵੇਖੋਗੇ।’’ ਉਨ੍ਹਾਂ ਕਿਹਾ, ‘‘ਤੁਸੀਂ ਰਾਮ ਮੰਦਰ ਦਾ ਜਸ਼ਨ ਵੇਖਿਆ ਹੈ। ਤੁਸੀਂ ਰਾਮ ਮੰਦਰ ’ਚ ਨਰਿੰਦਰ ਮੋਦੀ ਨੂੰ ਵੇਖ ਸਕਦੇ ਹੋ। ਮੈਨੂੰ ਦੱਸੋ, ਕੀ ਤੁਸੀਂ ਰਾਮ ਮੰਦਰ ਦੇ ਤਿਉਹਾਰ ਦੌਰਾਨ ਕਿਸੇ ਕਿਸਾਨ ਨੂੰ ਵੇਖਿਆ ਸੀ, ਕੀ ਤੁਸੀਂ ਇਕ ਵੀ ਗਰੀਬ ਵਿਅਕਤੀ ਨੂੰ ਵੇਖਿਆ ਸੀ? ਅਮਿਤਾਭ ਬੱਚਨ ਨਜ਼ਰ ਆਏ, ਅੰਬਾਨੀ ਅਤੇ ਅਡਾਨੀ ਨਜ਼ਰ ਆਏ, ਭਾਰਤ ਦੇ ਸਾਰੇ ਅਰਬਪਤੀ ਨਜ਼ਰ ਆਏ, ਭਾਜਪਾ ਦੇ ਇਕ-ਦੋ ਨੇਤਾ ਨਜ਼ਰ ਆਏ, ਪਰ ਕੀ ਤੁਸੀਂ ਕਿਸੇ ਆਦਿਵਾਸੀ ਰਾਸ਼ਟਰਪਤੀ ਨੂੰ ਵੇਖਿਆ? ਰਾਹੁਲ ਗਾਂਧੀ ਨੇ ਖੁਦ ਜਵਾਬ ਦਿਤਾ ਕਿ ਰਾਸ਼ਟਰਪਤੀ ਅਤੇ ਗਰੀਬਾਂ ਅਤੇ ਮਜ਼ਦੂਰਾਂ ਲਈ ਕੋਈ ਜਗ੍ਹਾ ਨਹੀਂ ਸੀ, ਬੇਰੁਜ਼ਗਾਰ ਨੌਜੁਆਨਾਂ ਲਈ ਕੋਈ ਜਗ੍ਹਾ ਨਹੀਂ ਸੀ, ਪਰ ਮੋਦੀ ਜੀ, ਅਡਾਨੀ ਜੀ ਅਤੇ ਅੰਬਾਨੀ ਜੀ ਸਮੇਤ ਹੋਰ ਅਰਬਪਤੀਆਂ ਲਈ ਰੈੱਡ ਕਾਰਪੇਟ ਵਿਛਾਇਆ ਗਿਆ ਸੀ। ਰਾਹੁਲ ਗਾਂਧੀ ਨੇ ਕਿਹਾ, ‘‘ਦੋ ਭਾਰਤ ਬਣ ਰਹੇ ਹਨ, ਇਨ੍ਹਾਂ ’ਚੋਂ ਇਕ ਹਿੰਦੁਸਤਾਨ ਤੁਸੀਂ ਟੀ.ਵੀ. ’ਤੇ ਦੇਖੋਗੇ ਜਿਸ ’ਚ ਇਕ ਪਾਸੇ ਐਸ਼ਵਰਿਆ ਰਾਏ ਡਾਂਸ ਕਰਦੀ ਨਜ਼ਰ ਆਵੇਗੀ, ਦੂਜੇ ਪਾਸੇ ਅਮਿਤਾਭ ਬੱਚਨ ਬੱਲੇਬਾਜ਼ੀ ਕਰਦੇ ਨਜ਼ਰ ਆਉਣਗੇ, ਸ਼ਾਹਰੁਖ ਖਾਨ ਅਤੇ ਵਿਰਾਟ ਕੋਹਲੀ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਨਜ਼ਰ ਆਵੇਗੀ। ਪਰ ਇਸ ਭਾਰਤ ’ਚ ਤੁਹਾਨੂੰ ਇਕ ਵੀ ਭੁੱਖਾ, ਇਕ ਵੀ ਬੇਰੁਜ਼ਗਾਰ ਜਾਂ ਇਕ ਵੀ ਅਗਨੀਵੀਰ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਅਸਲ ’ਚ ਭਾਰਤ ਦੇ ਗਰੀਬ ਲੋਕਾਂ ਲਈ ਦਿਹਾੜੀ, ਠੇਕੇ ’ਤੇ ਮਜ਼ਦੂਰੀ, ਬੇਰੁਜ਼ਗਾਰੀ ਅਤੇ ਭੁੱਖਮਰੀ ਦਾ ਰਾਹ ਖੁੱਲ੍ਹਾ ਹੈ। ਉਨ੍ਹਾਂ ਕਿਹਾ, ‘‘ਜੇਕਰ ਤੁਸੀਂ ਅਰਬਪਤੀ ਹੋ, ਨਰਿੰਦਰ ਮੋਦੀ ਦੇ ਦੋਸਤ ਹੋ ਤਾਂ ਜੋ ਵੀ ਜ਼ਮੀਨ ਚਾਹੁੰਦੇ ਹੋ, ਜੋ ਵੀ ਹਵਾਈ ਅੱਡਾ ਚਾਹੁੰਦੇ ਹੋ, ਲੈ ਲਓ।’’ ਉਨ੍ਹਾਂ ਕਿਹਾ, ‘‘ਇਹ ਦੋ ਵਿਚਾਰਧਾਰਾਵਾਂ ਵਿਚਾਲੇ ਲੜਾਈ ਹੈ, ਇਕ ਵਿਚਾਰਧਾਰਾ ਭਰਾ ਨੂੰ ਭਰਾ ਨਾਲ ਲੜਾਉਂਦੀ ਹੈ ਅਤੇ ਤੁਹਾਡੀ ਜੇਬ ਵਿਚੋਂ ਪੈਸੇ ਲੈਂਦੀ ਹੈ ਅਤੇ ਦੋ-ਤਿੰਨ ਅਰਬਪਤੀਆਂ ਨੂੰ ਫੜਾਉਂਦੀ ਹੈ। ਦੂਜੀ ਵਿਚਾਰਧਾਰਾ ਨਫ਼ਰਤ ਦੇ ਬਾਜ਼ਾਰ ’ਚ ਪਿਆਰ ਦੀ ਦੁਕਾਨ ਖੋਲ੍ਹਦੀ ਹੈ ਅਤੇ ਅਪਣਾ ਹੱਕ, ਅਪਣਾ ਪੈਸਾ ਸੌਂਪ ਦਿੰਦੀ ਹੈ, ਇਹ ਲੜਾਈ ਭਾਰਤ ’ਚ ਚੱਲ ਰਹੀ ਹੈ। ਉਨ੍ਹਾਂ ਕਿਹਾ, ‘‘ਭਾਰਤ ’ਚ ਸਿਰਫ ਦੋ ਮੁੱਦੇ ਹਨ, ਬੇਰੁਜ਼ਗਾਰੀ ਅਤੇ ਮਹਿੰਗਾਈ। ਤੀਜਾ ਮੁੱਦਾ ਸਮਾਜਕ ਨਿਆਂ ਦਾ ਮੁੱਦਾ ਹੈ। ਅਸੀਂ ਇਨ੍ਹਾਂ ਚੀਜ਼ਾਂ ’ਤੇ ਗੱਲਬਾਤ ਕਰਾਂਗੇ।  

 

ਤੇਜਸਵੀ ਗੱਡੀ ਚਲਾ ਰਹੇ ਸਨ ਜੀਪ, ਸਾਈਡ ਵਾਲੀ ਸੀਟ 'ਤੇ ਬੈਠੇ ਰਾਹੁਲ ਗਾਂਧੀ

ਬਿਹਾਰ ਦੇ ਸਾਬਕਾ ਉਪ-ਮੁੱਖ ਮੰਤਰੀ ਤੇਜਸਵੀ ਯਾਦਵ ਨੇ ਸਾਸਾਰਾਮ ਵਿਚ ਕਾਂਗਰਸ ਦੇ ਮੈਂਬਰ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਨਿਆਂ ਯਾਤਰਾ ਵਿਚ ਹਿੱਸਾ ਲਿਆ। ਇਸ ਦੌਰਾਨ ਦੋਵਾਂ ਦੀ ਡੂੰਘੀ ਦੋਸਤੀ ਸਾਫ਼-ਸਾਫ਼ ਨਜ਼ਰ ਆ ਰਹੀ ਸੀ। ਸਭ ਤੋਂ ਦਿਲਚਸਪ ਨਜ਼ਾਰਾ ਇਹ ਦੇਖਣ ਨੂੰ ਮਿਲਿਆ ਕਿ ਰਾਹੁਲ ਗਾਂਧੀ ਜੀਪ ਦੀ ਸਾਈਡ ਵਾਲੀ ਸੀਟ 'ਤੇ ਬੈਠੇ ਸਨ ਤੇ ਤੇਜਸਵੀ ਗੱਡੀ ਚਲਾ ਰਹੇ ਸਨ। ਦੋਵਾਂ ਨੇਤਾਵਾਂ ਦੀ ਇਸ ਤਸਵੀਰ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ। ਹਾਲਾਂਕਿ ਕੁਝ ਯੂਜ਼ਰਜ਼ ਟ੍ਰੋਲ ਵੀ ਕਰ ਰਹੇ ਹਨ। ਸਿਆਸੀ ਜਗਤ ਵਿੱਚ ਵੀ ਇਸ ਤਸਵੀਰ ਦੀ ਕਾਫੀ ਚਰਚਾ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਅੱਜ ਰਾਹੁਲ ਗਾਂਧੀ ਕੈਮੂਰ ਦੇ ਦੁਰਗਾਵਤੀ ਪ੍ਰਖੰਡ ਦੇ ਧਨੇਛਾ ਵਿਚ ਇਕ ਜਨਸਭਾ ਨੂੰ ਵੀ ਸੰਬੋਧਨ ਕਰਨਗੇ। ਤੇਜਸਵੀ ਯਾਦਵ ਤੇ ਰਾਹੁਲ ਗਾਂਧੀ ਦੋਵੇਂ ਹੀ ਐਨਡੀਏ ਸਰਕਾਰ ਖ਼ਿਲਾਫ਼ ਗਰਜਣਗੇ ਤੇ ਨਿਤੀਸ਼ ਕੁਮਾਰ ਖ਼ਿਲਾਫ਼ ਹਮਲਾ ਵੀ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਬਿਹਾਰ ਵਿਚ ਕਾਂਗਰਸ ਨੂੰ ਹਮੇਸ਼ਾ ਹੀ ਰਾਸ਼ਟਰੀ ਜਨਤਾ ਦਲ ਦਾ ਸਮਰਥਨ ਮਿਲਿਆ ਹੈ। ਇਸ ਤੋਂ ਇਲਾਵਾ ਦੋਵਾਂ ਨੇਤਾਵਾਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਗੱਲਬਾਤ ਹੋ ਸਕਦੀ ਹੈ।