ਕਰਨਾਟਕ, 01 ਮਈ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਰਨਾਟਕ ਚੋਣਾਂ ਉਨ੍ਹਾਂ ਦੇ ਬਾਰੇ ਨਹੀਂ ਹਨ। ਰਾਹੁਲ ਗਾਂਧੀ ਨੇ ਇਹ ਗੱਲ ਪ੍ਰਧਾਨ ਮੰਤਰੀ ਦੇ ਉਸ ਬਿਆਨ ਬਾਰੇ ਕਹੀ ਕਿ ਕਾਂਗਰਸ ਵਲੋਂ ਉਨ੍ਹਾਂ ਨਾਲ 91 ਵਾਰ ਦੁਰਵਿਵਹਾਰ ਕੀਤਾ ਗਿਆ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਆਪਣੇ ਬਾਰੇ ਗੱਲ ਕਰਨ ਦੀ ਬਜਾਏ ਕਰਨਾਟਕ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦੇ ਕੰਮ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਚਰਚਾ ਕਰਨ। ਇਥੇ ਤੁਮਾਕੁਰੂ ਜ਼ਿਲ੍ਹੇ 'ਚ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ, ''ਤੁਸੀਂ (ਪ੍ਰਧਾਨ ਮੰਤਰੀ ਮੋਦੀ) ਪ੍ਰਚਾਰ ਕਰਨ ਲਈ ਕਰਨਾਟਕ ਆਉਂਦੇ ਹੋ, ਪਰ ਕਰਨਾਟਕ ਬਾਰੇ ਨਹੀਂ ਬੋਲਦੇ ਸਗੋਂ ਅਪਣੇ ਬਾਰੇ ਬੋਲਦੇ ਹੋ। ਤੁਹਾਨੂੰ ਦਸਣਾ ਚਾਹੀਦਾ ਹੈ ਕਿ ਤੁਸੀਂ ਪਿਛਲੇ ਤਿੰਨ ਸਾਲ ਕਰਨਾਟਕ 'ਚ ਕੀ ਕੀਤਾ? ਤੁਹਾਨੂੰ ਅਪਣੇ ਭਾਸ਼ਣਾਂ 'ਚ ਦਸਣਾ ਚਾਹੀਦਾ ਹੈ ਕਿ ਤੁਸੀਂ ਅਗਲੇ ਪੰਜ ਸਾਲਾਂ ਵਿਚ ਕੀ ਕਰੋਗੇ, ਤੁਸੀਂ ਨੌਜਵਾਨਾਂ, ਸਿਖਿਆ, ਸਿਹਤ ਅਤੇ ਭ੍ਰਿਸ਼ਟਾਚਾਰ ਵਿਰੁਧ ਲੜਾਈ ਲਈ ਕੀ ਕਰੋਗੇ?" ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, "ਇਹ ਚੋਣ ਤੁਹਾਡੇ ਬਾਰੇ ਨਹੀਂ ਹੈ, ਸਗੋਂ ਕਰਨਾਟਕ ਦੇ ਲੋਕਾਂ ਅਤੇ ਉਨ੍ਹਾਂ ਦੇ ਭਵਿੱਖ ਬਾਰੇ ਹੈ। ਤੁਸੀਂ ਕਹਿੰਦੇ ਹੋ ਕਿ ਕਾਂਗਰਸ ਨੇ ਤੁਹਾਡੇ ਨਾਲ 91 ਵਾਰ ਦੁਰਵਿਵਹਾਰ ਕੀਤਾ, ਪਰ ਤੁਸੀਂ ਇਸ 'ਤੇ ਚਰਚਾ ਨਹੀਂ ਕੀਤੀ ਕਿ ਤੁਸੀਂ ਕਰਨਾਟਕ ਲਈ ਕੀ ਕੀਤਾ ਹੈ? ਅਪਣੇ ਅਗਲੇ ਭਾਸ਼ਣ 'ਚ ਦੱਸੋ ਕਿ ਤੁਸੀਂ ਕਰਨਾਟਕ ਲਈ ਕੀ ਕੀਤਾ ਹੈ ਅਤੇ ਅਗਲੇ ਪੰਜ ਸਾਲਾਂ ਵਿਚ ਤੁਸੀਂ ਕੀ ਕਰੋਗੇ?" ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਮੱਲਿਕਾਅਰਜੁਨ ਖੜਗੇ ਦੀ 'ਜ਼ਹਿਰੀ ਸੱਪ' ਵਾਲੀ ਟਿੱਪਣੀ 'ਤੇ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਕਾਂਗਰਸ ਅਤੇ ਇਸ ਦੇ ਨੇਤਾਵਾਂ ਨੇ ਹੁਣ ਤਕ ਵੱਖ-ਵੱਖ ਤਰੀਕਿਆਂ ਨਾਲ 91 ਵਾਰ ਉਨ੍ਹਾਂ ਦਾ ਅਪਮਾਨ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਉਹ ਕਰਨਾਟਕ ਆਉਂਦੇ ਹਨ ਅਤੇ ਭਾਸ਼ਣ ਦਿੰਦੇ ਹਨ ਤਾਂ ਉਹ ਆਪਣੀ ਪਾਰਟੀ ਦੇ ਨੇਤਾਵਾਂ ਜਿਵੇਂ ਕਿ ਸਿਧਾਰਮਈਆ ਅਤੇ ਡੀਕੇ ਸ਼ਿਵਕੁਮਾਰ ਅਤੇ ਉਨ੍ਹਾਂ ਦੇ ਕੰਮ ਬਾਰੇ ਗੱਲ ਕਰਦੇ ਹਨ। ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਕਿਹਾ, "ਅਸੀਂ ਅਪਣੇ ਸਾਰੇ ਨੇਤਾਵਾਂ ਦੇ ਨਾਮ ਲੈਂਦੇ ਹਾਂ ਪਰ ਤੁਸੀਂ (ਮੋਦੀ) ਇਥੇ ਆ ਕੇ ਅਪਣੇ ਮੁੱਖ ਮੰਤਰੀ (ਬਸਵਰਾਜ ਬੋਮਈ) ਅਤੇ (ਬੀਐਸ) ਯੇਦੀਯੁਰੱਪਾ (ਸਾਬਕਾ ਮੁੱਖ ਮੰਤਰੀ) ਦੇ ਨਾਮ ਨਹੀਂ ਲੈਂਦੇ। ਤੁਹਾਡੇ ਭਾਸ਼ਣ ਸਿਰਫ਼ ਨਰਿੰਦਰ ਮੋਦੀ ਬਾਰੇ ਹਨ। ਉਨ੍ਹਾਂ ਕਿਹਾ ਕਿ ਇਹ ਚੋਣ ਇਹ ਇਕ ਵਿਅਕਤੀ ਬਾਰੇ ਨਹੀਂ, ਨਰਿੰਦਰ ਮੋਦੀ ਬਾਰੇ ਨਹੀਂ ਹੈ ਸਗੋਂ ਕਰਨਾਟਕ ਦੇ ਲੋਕਾਂ, ਨੌਜਵਾਨਾਂ ਅਤੇ ਮਾਵਾਂ-ਭੈਣਾਂ ਬਾਰੇ ਹੈ। ਪ੍ਰਧਾਨ ਮੰਤਰੀ ਨੂੰ ਇਹ ਸਮਝਣਾ ਹੋਵੇਗਾ।" ਰਾਹੁਲ ਗਾਂਧੀ ਨੇ ਅਪਣੇ ਭਾਸ਼ਣ ਦੌਰਾਨ ਕਾਂਗਰਸ ਦੀਆਂ ਚੋਣ ਗਾਰੰਟੀਆਂ ਦਾ ਵੀ ਜ਼ਿਕਰ ਕੀਤਾ, ਜਿਸ ਵਿਚ ਸਾਰੇ ਘਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ, ਘਰ ਦੀਆਂ ਸਾਰੀਆਂ ਮਹਿਲਾ ਮੁਖੀਆਂ (ਗ੍ਰਹਿ ਲਕਸ਼ਮੀ) ਨੂੰ 2,000 ਰੁਪਏ ਮਹੀਨਾ ਭੱਤਾ, ਗ਼ਰੀਬੀ ਰੇਖਾ ਤੋਂ ਹੇਠਾਂ 10 ਕਿਲੋ ਚੌਲ, ਗ੍ਰੈਜੂਏਟ ਨੌਜਵਾਨਾਂ ਲਈ ਦੋ ਸਾਲਾਂ ਲਈ 3,000 ਰੁਪਏ ਪ੍ਰਤੀ ਮਹੀਨਾ ਅਤੇ ਡਿਪਲੋਮਾ ਹੋਲਡਰਾਂ ਲਈ 1,500 ਰੁਪਏ ਅਤੇ ਜਨਤਕ ਟਰਾਂਸਪੋਰਟ ਬੱਸਾਂ ਵਿਚ ਔਰਤਾਂ ਲਈ ਮੁਫ਼ਤ ਯਾਤਰਾ ਯੋਜਨਾ ਸ਼ਾਮਲ ਹੈ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਭਾਜਪਾ ਦੇ ਕਾਰਜਕਾਲ ਦੌਰਾਨ ਕਰਨਾਟਕ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋਇਆ ਅਤੇ ਸਰਕਾਰ ਵਲੋਂ ਕੀਤੇ ਗਏ ਸਾਰੇ ਕੰਮਾਂ ਲਈ 40 ਫ਼ੀ ਸਦੀ ਕਮਿਸ਼ਨ ਲਿਆ ਗਿਆ। ਉਨ੍ਹਾਂ ਇਲਜ਼ਾਮ ਲਗਾਇਆ ਕਿ ਜਨਤਾ ਦੀ ਭਲਾਈ ਲਈ ਕੰਮ ਕਰਨ ਦੀ ਬਜਾਏ ਉਨ੍ਹਾਂ ਨੇ ਆਮ ਆਦਮੀ ਅਤੇ ਗ਼ਰੀਬ ਲੋਕਾਂ ਦੀ ਲੁੱਟ ਕੀਤੀ। ਕਾਂਗਰਸ ਨੇਤਾ ਨੇ ਕਿਹਾ, ''ਅਜਿਹਾ ਨਹੀਂ ਹੈ ਕਿ ਪ੍ਰਧਾਨ ਮੰਤਰੀ ਨੂੰ ਇਸ ਭ੍ਰਿਸ਼ਟਾਚਾਰ ਅਤੇ 40 ਫ਼ੀ ਸਦੀ ਕਮਿਸ਼ਨ ਦੀ ਜਾਣਕਾਰੀ ਨਹੀਂ ਹੈ, ਉਹ ਸਭ ਕੁਝ ਜਾਣਦੇ ਹਨ... ਇਸ ਲਈ ਪ੍ਰਧਾਨ ਮੰਤਰੀ ਨੂੰ ਮੇਰਾ ਸਵਾਲ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਇਸ ਲੁੱਟ ਬਾਰੇ ਜਾਣਦੇ ਹੋਏ ਕੀ ਤੁਸੀਂ ਕੋਈ ਕਾਰਵਾਈ ਕੀਤੀ? ਤੁਸੀਂ ਕੋਈ ਕਾਰਵਾਈ ਨਹੀਂ ਕੀਤਾ, ਕਿਉਂ? ਤੁਹਾਨੂੰ ਕਰਨਾਟਕ ਦੇ ਲੋਕਾਂ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।'' ਰਾਹੁਲ ਗਾਂਧੀ ਨੇ ਲੋਕਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ 40 ਫ਼ੀ ਸਦੀ ਭ੍ਰਿਸ਼ਟਾਚਾਰ 'ਚ ਲਿਪਤ ਭਾਜਪਾ ਨੂੰ ਸਿਰਫ਼ 40 ਸੀਟਾਂ ਮਿਲਣ। ਉਨ੍ਹਾਂ ਕਾਂਗਰਸ ਨੂੰ ਘੱਟੋ-ਘੱਟ 150 ਸੀਟਾਂ ਦੇਣ ਦੀ ਅਪੀਲ ਕੀਤੀ ਤਾਂ ਕਿ ਉਹ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਨੂੰ ਡੇਗ ਨਾ ਸਕਣ।