- 825 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੇਲਾ ਸੁਰੰਗ ਇਕ ਇੰਜੀਨੀਅਰਿੰਗ ਦਾ ਚਮਤਕਾਰ ਹੈ : ਪ੍ਰਧਾਨ ਮੰਤਰੀ ਮੋਦੀ
ਈਟਾਨਗਰ, 9 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਉੱਤਰ-ਪੂਰਬ ’ਚ 55,600 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਜਿਸ ’ਚ ਰਣਨੀਤਕ ਤੌਰ ’ਤੇ ਮਹੱਤਵਪੂਰਨ ਸੇਲਾ ਸੁਰੰਗ ਵੀ ਸ਼ਾਮਲ ਹੈ ਜੋ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਨੂੰ ਹਰ ਮੌਸਮ ’ਚ ਸੰਪਰਕ ਪ੍ਰਦਾਨ ਕਰੇਗੀ। 13 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਇਹ ਦੁਨੀਆਂ ਦੀ ਸਭ ਤੋਂ ਲੰਮੀ ਦੋ ਸੇਨ ਦੀ ਸੁਰੰਗ ਹੈ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਲਗਭਗ 825 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੇਲਾ ਸੁਰੰਗ ਇਕ ਇੰਜੀਨੀਅਰਿੰਗ ਦਾ ਚਮਤਕਾਰ ਹੈ। ਇਹ ਅਰੁਣਾਚਲ ਪ੍ਰਦੇਸ਼ ਦੇ ਬਾਲੀਪਾੜਾ-ਚਰਿਦੁਆਰ-ਤਵਾਂਗ ਰੋਡ ’ਤੇ ਸੇਲਾ ਪਾਸ ਤੋਂ ਲੰਘਣ ਵਾਲੇ ਤਵਾਂਗ ਨੂੰ ਹਰ ਮੌਸਮ ’ਚ ਸੰਪਰਕ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਫ਼ਰਵਰੀ 2019 ’ਚ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ, ਜੋ ਨਾ ਸਿਰਫ ਖੇਤਰ ’ਚ ਤੇਜ਼ ਅਤੇ ਵਧੇਰੇ ਕੁਸ਼ਲ ਆਵਾਜਾਈ ਮਾਰਗ ਪ੍ਰਦਾਨ ਕਰੇਗਾ, ਬਲਕਿ ਚੀਨ ਨਾਲ ਲਗਦੀ ਸਰਹੱਦ ਦੇ ਨੇੜੇ ਹੋਣ ਕਾਰਨ ਦੇਸ਼ ਲਈ ਰਣਨੀਤਕ ਮਹੱਤਵ ਵੀ ਰੱਖਦਾ ਹੈ। ਪ੍ਰਧਾਨ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਰਾਜ ਟਰਾਂਸਪੋਰਟ ਦੀ ਬੱਸ ਨੂੰ ਹਰੀ ਝੰਡੀ ਵਿਖਾ ਕੇ ਸੇਲਾ ਸੁਰੰਗ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਪੰਜ ਸਾਲਾਂ ’ਚ ਉੱਤਰ-ਪੂਰਬੀ ਭਾਰਤ ’ਚ ਜਿਸ ਤਰ੍ਹਾਂ ਦੇ ਵਿਕਾਸ ਕਾਰਜ ਕੀਤੇ ਹਨ, ਉਸ ਨੂੰ ਪੂਰਾ ਕਰਨ ’ਚ ਕਾਂਗਰਸ ਨੂੰ 20 ਸਾਲ ਲੱਗ ਜਾਂਦੇ।
ਪ੍ਰਧਾਨ ਮੰਤਰੀ ਮੋਦੀ ਨੇ ਕਾਜ਼ੀਰੰਗਾ ਨੈਸ਼ਨਲ ਪਾਰਕ 'ਚ ਹਾਥੀ ਦੀ ਸਵਾਰੀ ਕੀਤੀ
ਪ੍ਰਧਾਨ ਮੰਤਰੀ ਮੋਦੀ ਦੇ ਅਸਾਮ ਦੌਰੇ ਦਾ ਅੱਜ ਦੂਜਾ ਦਿਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਜ਼ੀਰੰਗਾ ਨੈਸ਼ਨਲ ਪਾਰਕ 'ਚ ਹਾਥੀ ਦੀ ਸਵਾਰੀ ਵੀ ਕੀਤੀ। ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਪੀਐੱਮ ਮੋਦੀ ਸ਼ਨੀਵਾਰ ਸਵੇਰੇ ਆਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਅਤੇ ਟਾਈਗਰ ਰਿਜ਼ਰਵ ਪਹੁੰਚੇ। ਇੱਥੇ ਉਨ੍ਹਾਂ ਨੇ ਹਾਥੀ ਤੇ ਜੀਪ ਦੀ ਸਵਾਰੀ ਕੀਤੀ। ਅਧਿਕਾਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਪਾਰਕ ਦੇ ਸੈਂਟਰਲ ਕੋਹੋਰਾ ਰੇਂਜ ਦੇ ਮਿਹਿਮੁਖ ਇਲਾਕੇ ਵਿੱਚ ਹਾਥੀ ਦੀ ਸਵਾਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸੇ ਰੇਂਜ ਵਿੱਚ ਜੀਪ ਦੀ ਸਵਾਰੀ ਦਾ ਵੀ ਆਨੰਦ ਲਿਆ। ਪ੍ਰਧਾਨ ਮੰਤਰੀ ਦੇ ਨਾਲ ਕਾਜ਼ੀਰੰਗਾ ਨੈਸ਼ਨਲ ਪਾਰਕ ਦੀ ਡਾਇਰੈਕਟਰ ਸੋਨਾਲੀ ਘੋਸ਼ ਅਤੇ ਹੋਰ ਸੀਨੀਅਰ ਜੰਗਲਾਤ ਅਧਿਕਾਰੀ ਵੀ ਸਨ। ਪ੍ਰਧਾਨ ਮੰਤਰੀ ਸੂਬੇ ਦੇ ਦੋ ਦਿਨਾਂ ਦੌਰੇ 'ਤੇ ਸ਼ੁੱਕਰਵਾਰ ਸ਼ਾਮ ਨੂੰ ਕਾਜ਼ੀਰੰਗਾ ਪਹੁੰਚੇ ਸਨ। ਪ੍ਰਧਾਨ ਮੰਤਰੀ ਅੱਜ ਜੋਰਹਾਟ ਵਿੱਚ ਮਸ਼ਹੂਰ ਅਹੋਮ ਜਨਰਲ ਲਚਿਤ ਬੋਰਫੁਕਨ ਦੀ 125 ਫੁੱਟ ਉੱਚੀ ‘ਸਟੈਚੂ ਆਫ ਵੈਲੋਰ’ ਦਾ ਉਦਘਾਟਨ ਵੀ ਕਰਨਗੇ।