
ਨਵੀਂ ਦਿੱਲੀ, 09 ਦਸੰਬਰ 2024 : ਪੰਜਾਬ ਵਿਚ ਕੌਮੀ ਸਾਹ ਰਾਹ ਮਾਰਗਾਂ ਤੋਂ ਤੁਰੰਤ ਅੜਿੱਕੇ ਹਟਾਉਣ ਦੇ ਕੇਂਦਰ ਸਰਕਾਰ ਤੇ ਹੋਰਾਂ ਨੂੰ ਨਿਰਦੇਸ਼ ਦੇਣ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਖਲ ਕੀਤੀ ਗਈ ਹੈ। ਇਨ੍ਹਾਂ ਥਾਵਾਂ ’ਤੇ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਸੁਰੱਖਿਆ ਬਲਾਂ ਵੱਲੋਂ ਦਿੱਲੀ ਮੋਰਚੇ ਨੂੰ ਰੋਕੇ ਜਾਣ ਲਈ 13 ਫਰਵਰੀ ਤੋਂ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠਾਂ ਪੰਜਾਬ ਤੇ ਹਰਿਆਣਾ ਵਿਚਾਲੇ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਡੇਰਾ ਲਾਇਆ ਹੋਇਆ ਹੈ। ਪੰਜਾਬ ਦੇ ਇਕ ਸੋਸ਼ਲ ਵਰਕਰ ਵੱਲੋਂ ਸਿਖਰਲੀ ਅਦਾਲਤ ਵਿਚ ਦਾਖਲ ਪਟੀਸ਼ਨ ਵਿਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ’ਤੇ ਰੋਕਾਂ ਹਟਾਉਣ ਤੇ ਇਹ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ ਕਿ ਉਹ ਕੌਮੀ ਸ਼ਾਹ ਰਾਹ ਤੇ ਰੇਲਵੇ ਟ੍ਰੈਕਾਂ ’ਤੇ ਅੜਿੱਕੇ ਨਹੀਂ ਡਾਹੁਣ। ਇਸ ਵਿਚ ਇਲਜ਼ਾਮ ਲਗਾਇਆ ਕਿ ਕਿਸਾਨਾਂ ਤੇ ਕਿਸਾਨ ਯੂਨੀਅਨਾਂ ਨੇ ਪੰਜਾਬ ਵਿਚ ਸਾਰੇ ਹੀ ਕੌਮੀ ਸ਼ਾਹ ਰਾਹਾਂ ਤੇ ਸੂਬੇ ਦੇ ਰਾਜ ਮਾਰਗਾਂ ਨੂੰ ਪੱਕੇ ਤੇ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅਪਲੋਡ ਕੀਤੀ ਗਈ ਕਾਰਜ ਸੂਚੀ ਮੁਤਾਬਕ ਜਸਟਿਸ ਸੂਰਜ ਕਾਂਤ ਦੀ ਪ੍ਰਧਾਨਗੀ ਵਾਲੀ ਬੈਂਚ ਇਸ ਪਟੀਸ਼ਨ ’ਤੇ ਅੱਜ ਸੁਣਵਾਈ ਕਰੇਗੀ।