ਚੰਦਰਪੁਰ : ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੇ ਬੱਲਾਰਸ਼ਾਹ ਰੇਲਵੇ ਸਟੇਸ਼ਨ ‘ਤੇ ਬਣੇ ਫੁੱਟ ਓਵਰਬ੍ਰਿਜ ਦਾ ਇਕ ਹਿੱਸਾ ਡਿਗ ਗਿਆ ਹੈ। ਬ੍ਰਿਜ ਦੀ ਉਚਾਈ 60 ਫੁੱਟ ਹੈ ਤੇ ਹਾਦਸੇ ਦੇ ਸਮੇਂ ਲੋਕ ਇਸ ਤੋਂ ਲੰਘ ਰਹੇ ਸਨ। ਬ੍ਰਿਜ ਦਾ ਹਿੱਸਾ ਟੁੱਟਦੇ ਹੀ 60 ਫੁੱਟ ਦੀ ਉਚਾਈ ਤੋਂ ਰੋਲਵੇ ਪਟੜੀਆਂ ‘ਤੇ ਡਿੱਗ ਗਏ। ਸ਼ੁਰੂਆਤੀ ਜਾਣਕਾਰੀ ਮੁਤਾਬਕ 20 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਪਰ ਰੇਲਵੇ ਦੇ ਅਧਿਕਾਰਤ ਬਿਆਨ ਮੁਤਾਬਕ 4 ਲੋਕ ਜ਼ਖਮੀ ਹੋਏ ਹਨ। ਸਾਰਿਆਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਫਿਲਹਾਲ ਕਿਸੇ ਦੀ ਮੌਤ ਦੀ ਕੋਈ ਖਬਰ ਨਹੀਂ ਹੈ। ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸ਼ਿਵਾਜੀ ਸੁਤਾਰ ਨੇ ਕਿਹਾ ਕਿ ਰੇਲਵੇ ਨੇ ਗੰਭੀਰ ਰੂਪ ਨਾਲ ਜ਼ਖਮੀ ਯਾਤਰੀਆਂ ਨੂੰ 1 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਨੂੰ 50,000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਬਲਾਰਸ਼ਾਹ ਸਟੇਸ਼ਨ ‘ਤੇ ਕਾਜ਼ੀਪੇਟ-ਪੁਣੇ ਐਕਸਪ੍ਰੈਸ ‘ਚ ਸਵਾਰ ਹੋਣ ਲਈ ਕਈ ਯਾਤਰੀ ਪਲੇਟਫਾਰਮ ਨੰਬਰ ਇਕ ਤੋਂ ਪਲੇਟਫਾਰਮ ਨੰਬਰ ਚਾਰ ਵੱਲ ਜਾ ਰਹੇ ਸਨ, ਜਦੋਂ ਇਹ ਘਟਨਾ ਸ਼ਾਮ 5.10 ਵਜੇ ਵਾਪਰੀ। ਅਚਾਨਕ ਪੁਲ ਦੇ ਵਿਚਕਾਰ ਸਲੈਬ ਦਾ ਇੱਕ ਹਿੱਸਾ ਡਿੱਗ ਗਿਆ, ਜਿਸ ਕਾਰਨ ਉੱਥੋਂ ਲੰਘਣ ਵਾਲੇ ਯਾਤਰੀ ਪਟੜੀ ‘ਤੇ ਡਿੱਗ ਪਏ। ਬਲਾਰਸ਼ਾਹ ਰੇਲਵੇ ਸਟੇਸ਼ਨ ਤੇਲੰਗਾਨਾ ਸੂਬੇ ਨੂੰ ਜਾਣ ਵਾਲੇ ਰਸਤੇ ‘ਤੇ ਚੰਦਰਪੁਰ ਜ਼ਿਲ੍ਹੇ ਦਾ ਆਖਰੀ ਜੰਕਸ਼ਨ ਹੈ। 2014 ਵਿੱਚ, ਬੱਲਾਰਸ਼ਾਹ ਰੇਲਵੇ ਸਟੇਸ਼ਨ ਨੂੰ ਦੇਸ਼ ਦਾ ਨੰਬਰ-1 ਰੇਲਵੇ ਸਟੇਸ਼ਨ ਹੋਣ ਦਾ ਖਿਤਾਬ ਮਿਲਿਆ। ਉਸ ਸਮੇਂ ਮਹਾਰਾਸ਼ਟਰ ਵਿੱਚ ਭਾਜਪਾ ਦੀ ਸਰਕਾਰ ਸੀ।