- ਪੀਐੱਮ ਮੋਦੀ ਨੇ ਰੁਜ਼ਗਾਰ ਮੇਲੇ ਤਹਿਤ 51 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ।
ਨਵੀਂ ਦਿੱਲੀ, 28 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੁਜ਼ਗਾਰ ਮੇਲੇ ਤਹਿਤ 51 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ। ਵੀਡੀਓ ਕਾਨਫਰੇਂਸਿੰਗ ਰਾਹੀਂ ਰੁਜ਼ਗਾਰ ਮੇਲੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਰਕਾਰ ਸਿਰਫ਼ ਐਲਾਨ ਹੀ ਨਹੀਂ ਕਰਦੀ ਸਗੋਂ ਕੰਮ ਵੀ ਕਰਦੀ ਹੈ। ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਰੁਜ਼ਗਾਰ ਮੇਲਾ ਪਿਛਲੇ ਸਾਲ ਅਕਤੂਬਰ ਵਿੱਚ ਸ਼ੁਰੂ ਹੋਇਆ ਸੀ ਤੇ ਹੁਣ ਤੱਕ ਲੱਖਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ 50,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਦੀਵਾਲੀ 'ਚ ਅਜੇ ਵੀ ਸਮਾਂ ਹੈ ਪਰ ਜਿਨ੍ਹਾਂ ਪਰਿਵਾਰਾਂ ਨੂੰ 50 ਹਜ਼ਾਰ ਨਿਯੁਕਤੀ ਪੱਤਰ ਮਿਲੇ ਹਨ ਉਨ੍ਹਾਂ ਲਈ ਇਹ ਮੌਕਾ ਦੀਵਾਲੀ ਤੋਂ ਘੱਟ ਨਹੀਂ ਹੈ। ਰੁਜ਼ਗਾਰ ਮੇਲੇ ਨੌਜਵਾਨਾਂ ਪ੍ਰਤੀ ਸਾਡੀ ਵਚਨਬੱਧਤਾ ਦਾ ਸਬੂਤ ਹਨ। ਸਾਡੀ ਸਰਕਾਰ ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ। ਅਸੀਂ ਨਾ ਸਿਰਫ਼ ਨੌਕਰੀਆਂ ਪ੍ਰਦਾਨ ਕਰ ਰਹੇ ਹਾਂ ਬਲਕਿ ਪੂਰੇ ਸਿਸਟਮ ਨੂੰ ਪਾਰਦਰਸ਼ੀ ਵੀ ਬਣਾ ਰਹੇ ਹਾਂ। ਅਸੀਂ ਨਾ ਸਿਰਫ਼ ਭਰਤੀ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਸਗੋਂ ਕੁਝ ਪ੍ਰੀਖਿਆਵਾਂ ਦਾ ਪੁਨਰਗਠਨ ਵੀ ਕੀਤਾ। ਸਟਾਫ਼ ਸਿਲੈਕਸ਼ਨ ਕਮਿਸ਼ਨ ਦੇ ਭਰਤੀ ਚੱਕਰ ਵਿੱਚ ਲੱਗਣ ਵਾਲਾ ਸਮਾਂ ਹੁਣ ਅੱਧਾ ਰਹਿ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਜਿਸ ਦਿਸ਼ਾ ਵੱਲ ਵਧ ਰਿਹਾ ਹੈ ਤੇ ਜਿਸ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਉਸ ਨਾਲ ਹਰ ਖੇਤਰ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਗੁਜਰਾਤ ਦੇ ਜ਼ਿਲ੍ਹੇ ਵਿੱਚ ਪਾਕਿਸਤਾਨ ਸਰਹੱਦ ਨੇੜੇ ਸਥਿਤ ਪਿੰਡ ਢੋਰਡੋ ਨੂੰ ਸੰਯੁਕਤ ਰਾਸ਼ਟਰ ਵੱਲੋਂ ਸਰਵੋਤਮ ਸੈਰ ਸਪਾਟਾ ਪਿੰਡ ਵਜੋਂ ਸਨਮਾਨਿਤ ਕੀਤਾ ਗਿਆ ਹੈ ਜੋ ਕਿ ਇੱਕ ਵੱਡੀ ਪ੍ਰਾਪਤੀ ਹੈ। ਪੀਐੱਮ ਨੇ ਕਿਹਾ ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਸ ਨਾਲ ਇੱਥੇ ਸੈਰ-ਸਪਾਟਾ ਤੇ ਅਰਥਵਿਵਸਥਾ ਦੇ ਵਿਸਤਾਰ ਦੀ ਸੰਭਾਵਨਾ ਕਿੰਨੀ ਵਧੀ ਹੈ। ਪ੍ਰਧਾਨ ਮੰਤਰੀ ਵੱਲੋਂ ਨੌਜਵਾਨਾਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ ਵੱਖ-ਵੱਖ ਵਿਭਾਗਾਂ ਦੇ ਹਨ। ਦੇਸ਼ ਭਰ ਵਿੱਚੋਂ ਚੁਣੇ ਗਏ ਇਹ ਕਰਮਚਾਰੀ ਗ੍ਰਹਿ ਮੰਤਰਾਲੇ, ਮਾਲ ਵਿਭਾਗ, ਰੇਲਵੇ ਮੰਤਰਾਲੇ, ਉੱਚ ਸਿੱਖਿਆ ਵਿਭਾਗ, ਡਾਕ ਵਿਭਾਗ, ਸਕੂਲ ਸਿੱਖਿਆ, ਸਾਖਰਤਾ ਵਿਭਾਗ ਤੇ ਸਿੱਖਿਆ ਮੰਤਰਾਲੇ ਸਮੇਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਸ਼ਾਮਲ ਹੋਣਗੇ।