ਨਵੀਂ ਦਿੱਲੀ : ਭਾਰਤ-ਚੀਨ ਸਰਹੱਦੀ ਵਿਵਾਦ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਈ ਵੀ ਭਾਰਤ ਦੀ ਇਕ ਇੰਚ ਜ਼ਮੀਨ 'ਤੇ ਕਬਜ਼ਾ ਨਹੀਂ ਕਰ ਸਕਦਾ। ਮੈਂ ਭਾਰਤ-ਚੀਨ ਸਰਹੱਦ ਨੂੰ ਲੈ ਕੇ ਬਿਲਕੁਲ ਵੀ ਚਿੰਤਤ ਨਹੀਂ ਹਾਂ। ਸਾਡੇ ITBP ਦੇ ਜਵਾਨ ਸਰਹੱਦ 'ਤੇ ਗਸ਼ਤ ਕਰ ਰਹੇ ਹਨ ਅਤੇ ਸਾਨੂੰ ਉਨ੍ਹਾਂ 'ਤੇ ਪੂਰਾ ਭਰੋਸਾ ਹੈ। ਕੋਈ ਵੀ ਸਾਡੀ ਜ਼ਮੀਨ 'ਤੇ ਇਕ ਇੰਚ ਵੀ ਕਬਜ਼ਾ ਕਰਨ ਦੀ ਹਿੰਮਤ ਨਹੀਂ ਕਰਦਾ ਜਦੋਂ ਤੱਕ ਉਹ ਉਥੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਹ ਬਿਆਨ ਤਵਾਂਗ 'ਚ ਝੜਪ ਦੇ 20 ਦਿਨ ਬਾਅਦ ਆਇਆ ਹੈ। ਅਮਿਤ ਸ਼ਾਹ ਦੇ ਇਸ ਬਿਆਨ ਨੂੰ ਰਾਹੁਲ ਗਾਂਧੀ ਦੇ ਉਸ ਬਿਆਨ ਦਾ ਜਵਾਬ ਵੀ ਮੰਨਿਆ ਜਾ ਰਿਹਾ ਹੈ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਚੀਨ ਅਤੇ ਪਾਕਿਸਤਾਨ ਡੋਕਲਾਮ ਅਤੇ ਤਵਾਂਗ ਵਰਗੇ ਖੇਤਰਾਂ 'ਚ ਕੁਝ ਵੱਡੀ ਯੋਜਨਾ ਬਣਾ ਰਹੇ ਹਨ।ਅਮਿਤ ਸ਼ਾਹ ਨੇ ਬੈਂਗਲੁਰੂ ਵਿੱਚ ਆਈਟੀਬੀਪੀ ਦੇ ਰਿਹਾਇਸ਼ੀ ਅਤੇ ਗੈਰ-ਰਿਹਾਇਸ਼ੀ ਇਮਾਰਤਾਂ ਦੇ ਉਦਘਾਟਨ ਸਮਾਗਮ ਵਿੱਚ ਕਿਹਾ ਕਿ ਆਈਟੀਬੀਪੀ ਦੇਸ਼ ਦੇ ਸਭ ਤੋਂ ਮੁਸ਼ਕਲ ਖੇਤਰਾਂ ਵਿੱਚ ਕੰਮ ਕਰਨ ਵਾਲਾ ਸੁਰੱਖਿਆ ਬਲ ਹੈ। -42 ਡਿਗਰੀ ਤਾਪਮਾਨ ਵਿੱਚ ਸਰਹੱਦ ਦੀ ਰਾਖੀ ਕਰਨ ਲਈ ਜੋ ਦ੍ਰਿੜ ਇਰਾਦਾ ਹੈ, ਅਸੀਂ ਉਸ ਦੀ ਕਲਪਨਾ ਵੀ ਨਹੀਂ ਕਰ ਸਕਦੇ।ਆਈਟੀਬੀਪੀ ਨੇ ਆਪਣੇ ਸ਼ੁਰੂਆਤੀ ਸਮੇਂ ਦੌਰਾਨ ਮੁਸ਼ਕਲ ਭੂਗੋਲਿਕ ਸਥਿਤੀਆਂ ਅਤੇ ਮੁਸ਼ਕਲ ਖੇਤਰਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਦੌਰਾ ਕੀਤਾ, ਉਥੇ ਲੋਕ ਆਈਟੀਬੀਪੀ ਦੇ ਜਵਾਨਾਂ ਨੂੰ ਹਿਮਵੀਰ ਕਹਿੰਦੇ ਹਨ। ਇਹ ਪ੍ਰਾਪਤੀ ਪਦਮ ਸ਼੍ਰੀ ਅਤੇ ਪਦਮ ਭੂਸ਼ਣ ਤੋਂ ਵੀ ਵੱਡੀ ਹੈ ਕਿਉਂਕਿ ਫ਼ੌਜੀਆਂ ਨੂੰ ਇਹ ਉਪਨਾਮ ਸਰਕਾਰ ਨੇ ਨਹੀਂ ਸਗੋਂ ਦੇਸ਼ ਦੀ ਜਨਤਾ ਨੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਜਦੋਂ ਵੀ ਮੈਂ ਸਰਕਾਰ 'ਤੇ ਹਮਲਾ ਕਰਦਾ ਹਾਂ ਤਾਂ ਉਹ ਕਹਿੰਦੇ ਹਨ ਕਿ ਮੈਂ ਫ਼ੌਜ ਨੂੰ ਨਿਸ਼ਾਨਾ ਬਣਾ ਰਿਹਾ ਹਾਂ। ਸਰਕਾਰ ਨੂੰ ਆਪਣੀਆਂ ਗਲਤੀਆਂ ਮੰਨ ਕੇ ਫ਼ੌਜ ਦੇ ਪਿੱਛੇ ਲੁਕਣਾ ਬੰਦ ਕਰ ਦੇਣਾ ਚਾਹੀਦਾ ਹੈ। ਸਰਕਾਰ ਦੀ ਵਿਦੇਸ਼ ਨੀਤੀ 'ਤੇ ਸਵਾਲ ਚੁੱਕਦੇ ਹੋਏ ਰਾਹੁਲ ਨੇ ਕਿਹਾ ਕਿ ਸਰਕਾਰ ਦੀ ਘਟਨਾ ਆਧਾਰਿਤ ਵਿਦੇਸ਼ ਨੀਤੀ ਦੇਸ਼ ਨੂੰ ਨੁਕਸਾਨ ਪਹੁੰਚਾਏਗੀ।