- ਖਿਡਾਰੀ ਰੀਲ ਹੀਰੋ ਨਹੀਂ, ਅਸਲੀ ਹੀਰੋ ਹਨ : ਨਵਜੋਤ ਸਿੰਘ ਸਿੱਧੂ
ਨਵੀਂ ਦਿੱਲੀ, 01 ਮਈ : ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਿਊ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੀ ਗ੍ਰਿਫ਼ਤਾਰੀ ਲਈ ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਦੀ ਹੜਤਾਲ 9ਵੇਂ ਦਿਨ ਵੀ ਜਾਰੀ ਹੈ। ਖਿਡਾਰੀਆਂ ਦਾ ਸਮੱਰਥਨ ਦੇਣ ਲਈ ਸੋਮਵਾਰ ਨੂੰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦਿੱਲੀ ਦੇ ਜੰਤਰ-ਮੰਤਰ ਪਹੁੰਚੇ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਪਣੇ ਖਿਡਾਰੀਆਂ ਲਈ ਆਏ ਹਨ, ਉਹ ਰੀਲ ਹੀਰੋ ਨਹੀਂ ਹੈ, ਖਿਡਾਰੀ ਦੇਸ਼ ਦੇ ਅਸਲੀ ਹੀਰੋ ਹਨ। ਐਫ਼ਆਈਆਰ ਕਿਸੇ ਵੀ ਕੇਸ ਦੀ ਨੀਂਹ ਹੁੰਦੀ ਹੈ। ਸਵਾਲ ਇਹ ਹੈ ਕਿ ਇਸ ਨੂੰ 10 ਦਿਨ ਕਿਉਂ ਲੱਗ ਗਏ। ਜਿਸ ਅਧਿਕਾਰੀ ਨੇ ਦੇਰੀ ਕੀਤੀ, ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ। ਦੋਸ਼ੀ ਵੱਡੇ ਅਹੁਦੇ 'ਤੇ ਹੈ। ਉਹ ਕਿਸੇ ਦਾ ਕੈਰੀਅਰ ਖ਼ਰਾਬ ਕਰ ਸਕਦਾ ਹੈ, ਧਮਕੀਆਂ ਦੇ ਸਕਦਾ ਹੈ। ਅਜਿਹੀ ਸਥਿਤੀ ਵਿੱਚ ਨਿਰਪੱਖ ਜਾਂਚ ਦੀ ਉਮੀਦ ਕਿਵੇਂ ਰੱਖੀ ਜਾਵੇ। ਨਵਜੋਤ ਸਿੱਧੂ ਨੇ ਕਿਹਾ ਕਿ ਪੋਕਸੋ ਐਕਟ ਤਹਿਤ ਦਰਜ ਕੀਤੀ ਗਈ ਐਫਆਈਆਰ ਜ਼ਮਾਨਤਯੋਗ ਨਹੀਂ ਹੈ। ਫਿਰ ਗ੍ਰਿਫ਼ਤਾਰੀ ਕਿਉਂ ਨਹੀਂ ਹੋਈ? ਉਸ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾਵੇ। ਜੇਕਰ ਇਹ ਇਨਸਾਫ਼ ਲੰਮੇ ਸਮੇਂ ਲਈ ਟਾਲਿਆ ਗਿਆ ਤਾਂ ਸਿੱਧੂ ਆਪਣੀ ਜਾਨ ਦਾਅ 'ਤੇ ਲਗਾ ਦੇਵੇਗਾ। ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਕੋਲ ਸ਼ੇਰਨੀ ਦੀ ਦਹਾੜ ਹੈ। ਬੱਬਰ ਜਿੰਨੇ ਮਰਜ਼ੀ ਸ਼ੇਰ ਬਣ ਜਾਣ, ਦੁਰਗਾ ਉਹਨਾਂ ਦੀ ਸਵਾਰੀ ਕਰਦੀ ਹੈ। ਇਹ ਲੜਾਈ ਉਨ੍ਹਾਂ ਦੀ ਨਹੀਂ ਹੈ, ਇਹ ਘਰ-ਘਰ ਦੀ ਲੜਾਈ ਹੈ ਕਿਉਂਕਿ ਇਹ ਕਿਸੇ ਨਾਲ ਵੀ ਹੋ ਸਕਦਾ ਹੈ।