ਮੁੰਬਈ , 30 ਦਸੰਬਰ : ਟੈਲੀਵਿਜ਼ਨ ਸ਼ੋਅ 'ਬਿੱਗ ਬੌਸ 16' ਦੇ ਮੁਕਾਬਲੇਬਾਜ਼ ਵਿਕਾਸ ਮਾਨਕਤਲਾ ਵੱਲੋਂ ਇਕ ਐਪੀਸੋਡ 'ਚ ਇਕ ਹੋਰ ਮੁਕਾਬਲੇਬਾਜ਼ ਅਰਚਨਾ ਗੌਤਮ ਵਿਰੁੱਧ ਜਾਤੀਵਾਦੀ ਟਿੱਪਣੀ ਦੀ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ, ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਆਪਣੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ 'ਤੇ ਮਹਾਰਾਸ਼ਟਰ ਦੇ ਅਧਿਕਾਰੀਆਂ , ਮੁੰਬਈ ਪੁਲਿਸ ਕਮਿਸ਼ਨਰ ਅਤੇ ਸ਼ੋਅ ਦੀਆਂ ਪ੍ਰੋਡਕਸ਼ਨ ਕੰਪਨੀਆਂ ਨੂੰ ਨੋਟਿਸ ਦੇ ਕੇ ਸੱਤ ਦਿਨਾਂ ਦੇ ਅੰਦਰ ਇਸ ਮਾਮਲੇ ਵਿੱਚ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇੱਕ ਟਵਿੱਟਰ ਪੋਸਟ ਵਿੱਚ ਅਰਚਨਾ ਗੌਤਮ ਦੀ ਟੀਮ ਨੇ ਕਿਹਾ ਕਿ ਵਿਕਾਸ ਮਾਨਕਤਲਾ ਨੇ ਅਰਚਨਾ ਗੌਤਮ ਨੂੰ 'ਨੀਵੀਂ ਜਾਤ ਦਾ ਵਿਅਕਤੀ' ਕਿਹਾ ਹੈ। ਭਾਰਤੀ ਕਾਨੂੰਨ ਦੇ ਅਨੁਸਾਰ, ਇਹ ਸਪੱਸ਼ਟ ਤੌਰ 'ਤੇ ਅਨੁਸੂਚਿਤ ਜਾਤੀ / ਅਨੁਸੂਚਿਤ ਜਨਜਾਤੀ ਐਕਟ ਦੇ ਤਹਿਤ ਸਜ਼ਾਯੋਗ ਅਪਰਾਧ ਹੈ। ਸੋਸ਼ਲ ਮੀਡੀਆ ਪੋਸਟ 'ਤੇ ਪ੍ਰਾਪਤ ਜਾਣਕਾਰੀ ਅਨੁਸਾਰ ਅਰਚਨਾ ਗੌਤਮ ਨੂੰ ਜਾਤੀਸੂਚਕ ਬਦਸਲੂਕੀ ਦੀ ਘਟਨਾ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਸਕੱਤਰ (ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ), ਮਹਾਰਾਸ਼ਟਰ ਦੇ ਵਧੀਕ ਮੁੱਖ ਸਕੱਤਰ (ਗ੍ਰਹਿ), ਪੁਲਿਸ ਕਮਿਸ਼ਨਰ (ਮੁੰਬਈ), ਕਾਰਜਕਾਰੀ ਅਧਿਕਾਰੀ (ਐਂਡੇਮੋਲ ਇੰਡੀਆ ਪ੍ਰਾਈਵੇਟ ਲਿਮਟਿਡ) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਵਾਇਆਕੋਮ 18 ਮੀਡੀਆ ਪ੍ਰਾਈਵੇਟ ਲਿਮਟਿਡ) ਨੂੰ ਉਕਤ ਮਾਮਲੇ ਦੀ ਜਾਂਚ ਕਰਨ ਅਤੇ 5 ਜਨਵਰੀ, 2023 ਤੱਕ ਡਾਕ ਜਾਂ ਈਮੇਲ ਰਾਹੀਂ ਤੱਥ ਆਧਾਰਿਤ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਸਾਂਪਲਾ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਾਰਵਾਈ ਦੀ ਰਿਪੋਰਟ ਨਿਰਧਾਰਤ ਸਮੇਂ ਅੰਦਰ ਪ੍ਰਾਪਤ ਨਾ ਹੋਈ ਤਾਂ ਕਮਿਸ਼ਨ ਸੰਵਿਧਾਨ ਦੀ ਧਾਰਾ 338 ਤਹਿਤ ਉਸ ਨੂੰ ਦਿੱਤੇ ਗਏ ਸਿਵਲ ਕੋਰਟ ਦੇ ਅਧਿਕਾਰਾਂ ਦੀ ਵਰਤੋਂ ਕਰੇਗਾ ਅਤੇ ਦਿੱਲੀ ਵਿਖੇ ਕਮਿਸ਼ਨ ਸਾਹਮਣੇ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਸੰਮਨ ਜਾਰੀ ਕਰੇਗਾ ।