- ਰਾਹੁਲ ਗਾਂਧੀ ਨੇ ਆਪਣੇ ਸਾਬਕਾ ਸੰਸਦੀ ਹਲਕੇ ਵਾਇਨਾਡ ਦਾ ਕੀਤਾ ਦੌਰਾ
- ਸਰਕਾਰ ਅਡਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ : ਪ੍ਰਿਅੰਕਾ ਗਾਂਧੀ
- ਪ੍ਰਧਾਨ ਮੰਤਰੀ ਖੁਦ ਅਡਾਨੀ ਦਾ ਬਚਾਅ ਕਰ ਰਹੇ ਹਨ : ਪ੍ਰਿਅੰਕਾ ਗਾਂਧੀ
ਵਾਇਨਾਡ, 11 ਅਪ੍ਰੈਲ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੰਸਦ ਮੈਂਬਰ ਦਾ ਅਹੁਦਾ ਖੁੱਸਣ ਤੋਂ ਬਾਅਦ ਅੱਜ ਪਹਿਲੀ ਵਾਰ ਕੇਰਲ ਵਿੱਚ ਆਪਣੇ ਸਾਬਕਾ ਸੰਸਦੀ ਹਲਕੇ ਵਾਇਨਾਡ ਦਾ ਦੌਰਾ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਵਾਇਨਾਡ 'ਚ ਰੋਡ ਸ਼ੋਅ ਕੀਤਾ। ਰੋਡ ਸ਼ੋਅ 'ਚ ਰਾਹੁਲ ਦੇ ਨਾਲ ਪ੍ਰਿਅੰਕਾ ਗਾਂਧੀ ਵਾਡਰਾ ਵੀ ਮੌਜੂਦ ਸੀ। ਵਾਇਨਾਡ 'ਚ ਆਪਣੇ ਰੋਡ ਸ਼ੋਅ ਦੌਰਾਨ ਰਾਹੁਲ ਗਾਂਧੀ ਜਿਸ ਗੱਡੀ 'ਚ ਸਵਾਰ ਸਨ, ਉਸ ਦੇ ਅੱਗੇ ਵੱਡੇ ਅੱਖਰਾਂ 'ਚ 'ਸੱਤਿਆਮੇਵ ਜਯਤੇ' ਲਿਖਿਆ ਦੇਖਿਆ ਗਿਆ। ਰੋਡ ਸ਼ੋਅ 'ਚ ਗਾਂਧੀ ਨਾਲ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਨਜ਼ਰ ਆਈ। ਰੈਲੀ ਦੌਰਾਨ, ਯੂਨਾਈਟਿਡ ਡੈਮੋਕਰੇਟਿਕ ਫਰੰਟ (ਕਾਂਗਰਸ ਦੀ ਅਗਵਾਈ ਵਾਲੇ ਸੂਬਾ ਵਿਰੋਧੀ ਗਠਜੋੜ) ਦੇ ਸੈਂਕੜੇ ਵਰਕਰ ਭਾਰਤੀ ਝੰਡੇ ਨੂੰ ਲੈ ਕੇ ਇੱਕ ਰੋਡ ਸ਼ੋਅ ਲਈ ਕਲਪੇਟਾ ਵਿੱਚ ਇਕੱਠੇ ਹੋਏ। ਹਰ ਉਮਰ ਵਰਗ ਦੇ ਲੋਕ ਰਾਹੁਲ ਗਾਂਧੀ ਦੇ ਸਵਾਗਤ ਲਈ ਸੜਕਾਂ ਦੇ ਕਿਨਾਰੇ ਇਕੱਠੇ ਹੁੰਦੇ ਦੇਖੇ ਜਾ ਸਕਦੇ ਹਨ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਿਅੰਕਾ ਗਾਂਧੀ ਨੇ ਅਡਾਨੀ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੂਰੀ ਸਰਕਾਰ ਅਡਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਖੁਦ ਅਡਾਨੀ ਦਾ ਬਚਾਅ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਹਰ ਰੋਜ਼ ਆਪਣੇ ਪਹਿਰਾਵੇ ਦਾ ਸਟਾਈਲ ਬਦਲ ਰਹੇ ਹਨ, ਪਰ ਆਮ ਲੋਕਾਂ ਦੀ ਜ਼ਿੰਦਗੀ 'ਚ ਕੋਈ ਬਦਲਾਅ ਨਹੀਂ ਆ ਰਿਹਾ ਹੈ। ਲੋਕਾਂ ਨੂੰ ਨੌਕਰੀਆਂ ਲਈ ਸੰਘਰਸ਼ ਕਰਨਾ ਪੈਂਦਾ ਹੈ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਗੁਜਰਾਤ ਦੀ ਇੱਕ ਅਦਾਲਤ ਨੇ ਫੈਸਲਾ ਦਿੱਤਾ ਹੈ। ਜਿਸ ਤੋਂ ਬਾਅਦ ਸਰਕਾਰ ਨੇ ਰਾਹੁਲ ਗਾਂਧੀ ਨੂੰ ਸੰਸਦ ਤੋਂ ਅਯੋਗ ਕਰਾਰ ਦਿੱਤਾ ਸੀ। ਪ੍ਰਿਯੰਕਾ ਨੇ ਕਿਹਾ ਕਿ ਸਵਾਲ ਪੁੱਛਣਾ, ਜਵਾਬਦੇਹੀ ਮੰਗਣਾ, ਮੁੱਦੇ ਉਠਾਉਣਾ ਇਕ ਸਾਂਸਦ ਦਾ ਕੰਮ ਹੈ। ਵਾਇਨਾਡ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸੰਸਦ ਮੈਂਬਰ ਸਿਰਫ਼ ਇੱਕ ਟੈਗ ਹਨ। ਇਹ ਇੱਕ ਪੋਸਟ ਹੈ ਇਸ ਲਈ ਭਾਜਪਾ ਟੈਗ ਹਟਾ ਸਕਦੀ ਹੈ, ਉਹ ਅਹੁਦਾ ਲੈ ਸਕਦੀ ਹੈ, ਉਹ ਘਰ ਲੈ ਸਕਦੀ ਹੈ ਅਤੇ ਉਹ ਮੈਨੂੰ ਜੇਲ੍ਹ ਵੀ ਕਰ ਸਕਦੇ ਹਨ ਪਰ ਉਹ ਮੈਨੂੰ ਵਾਇਨਾਡ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਨ ਤੋਂ ਨਹੀਂ ਰੋਕ ਸਕਦੇ। ਰਾਹੁਲ ਗਾਂਧੀ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕੇਰਲ ਦੀ ਵਾਇਨਾਡ ਸੀਟ ਤੋਂ ਜਿੱਤ ਕੇ ਸੰਸਦ ਵਿੱਚ ਪਹੁੰਚੇ ਸਨ। ਹੁਣ ਜਦੋਂ ਰਾਹੁਲ ਗਾਂਧੀ ਦੀ ਮਾਣਹਾਨੀ ਦੇ ਮਾਮਲੇ 'ਚ ਸੰਸਦ ਦੀ ਮੈਂਬਰਸ਼ਿਪ ਖਤਮ ਹੋ ਗਈ ਹੈ ਤਾਂ ਵਾਇਨਾਡ ਸੀਟ 'ਤੇ ਜਲਦੀ ਹੀ ਉਪ ਚੋਣ ਹੋ ਸਕਦੀ ਹੈ। ਰਾਹੁਲ ਗਾਂਧੀ ਨੇ ਵਾਇਨਾਡ ਸੀਟ ਤੋਂ ਚਾਰ ਲੱਖ ਤੋਂ ਵੱਧ ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ।