ਨਵੀਂ ਦਿੱਲੀ, 21 ਨਵੰਬਰ : ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਕ ਚੋਣ ਰੈਲੀ ਨੂੰ ਸੰਬੋਧਤ ਕਰਦੇ ਹੋਏ ਕਹਿ ਦਿਤਾ ‘ਪੀ.ਐਮ. ਦਾ ਮਤਲਬ ਪਨੌਤੀ ਮੋਦੀ’ ਹੈ। ਰਾਹੁਲ ਗਾਂਧੀ ਨੇ ਕ੍ਰਿਕਟ ਵਿਸ਼ਵ ਕੱਪ ਫਾਈਨਲ ’ਚ ਆਸਟ੍ਰੇਲੀਆ ਵਿਰੁਧ ਭਾਰਤ ਦੀ ਹਾਰ ਦਾ ਜ਼ਿਕਰ ਕਰਦੇ ਹੋਏ ਬਦਕਿਸਮਤੀ ਨਾਲ ਜੁੜੇ ਇਸ ਸ਼ਬਦ ਦੀ ਵਰਤੋਂ ਕੀਤੀ। ਮੈਚ ’ਚ ਹਾਰ ਤੋਂ ਬਾਅਦ ‘ਪਨੌਤੀ’ ਸ਼ਬਦ ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰ ਰਿਹਾ ਹੈ। ਮੈਚ ਦੌਰਾਨ ਅਹਿਮਦਾਬਾਦ ਦੇ ਸਟੇਡੀਅਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਜੂਦ ਸਨ। ਇਸ ਸਟੇਡੀਅਮ ਦਾ ਨਾਂ ਪ੍ਰਧਾਨ ਮੰਤਰੀ ਮੋਦੀ ਦੇ ਨਾਂ ’ਤੇ ਰੱਖਿਆ ਗਿਆ ਹੈ। ਰਾਹੁਲ ਨੇ ਅਪਣੇ ਸੰਬੋਧਨ ਦੌਰਾਨ ਦੋਸ਼ ਲਾਇਆ ਕਿ ਮੋਦੀ ਲੋਕਾਂ ਦਾ ਧਿਆਨ ਭਟਕਾਉਂਦੇ ਹਨ ਜਦਕਿ ਉਦਯੋਗਪਤੀ ਅਡਾਨੀ ਅਪਣੀਆਂ ਜੇਬਾਂ ਭਰਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ‘ਟੀ.ਵੀ. ’ਤੇ ਆ ਕੇ ਹਿੰਦੂ-ਮੁਸਲਿਮ ਕਹਿੰਦੇ ਹਨ ਅਤੇ ਕਦੇ ਕ੍ਰਿਕਟ ਮੈਚਾਂ ’ਚ ਜਾਂਦੇ ਹਨ। ਇਹ ਵਖਰੀ ਗੱਲ ਹੈ, ਹਰਾ ਦਿਤਾ... ਪਨੌਤੀ।’’ ਕਾਂਗਰਸ ਆਗੂ ਨੇ ਅੱਗੇ ਕਿਹਾ, ‘‘ਪੀ.ਐਮ. ਦਾ ਮਤਲਬ ਪਨੌਤੀ ਮੋਦੀ ਹੈ।’’ ਰਾਹੁਲ ਦੀ ਇਹ ਟਿਪਣੀ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਵਲੋਂ ਅਸਿੱਧੇ ਤੌਰ ’ਤੇ ਉਨ੍ਹਾਂ (ਰਾਹੁਲ) ਨੂੰ ‘ਮੂਰਖਾਂ ਦਾ ਸਰਦਾਰ’ ਕਹਿ ਕੇ ਸੰਬੋਧਤ ਕਰਨ ਤੋਂ ਬਾਅਦ ਆਈ ਹੈ। ‘ਮੇਡ ਇਨ ਚਾਈਨਾ ਫੋਨ’ ਬਾਰੇ ਦਿਤੇ ਬਿਆਨ ਬਾਰੇ ਮੋਦੀ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਸੀ, ‘‘ਅਰੇ ਮੂਰਖਾਂ ਦੇ ਸਰਦਾਰ, ਤੁਸੀਂ ਕਿਸ ਦੁਨੀਆ ’ਚ ਰਹਿੰਦੇ ਹੋ?’’ਬਲੋਤਰਾ ਦੇ ਬੇਟੂ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਨੇ ਇਹ ਵੀ ਦੋਸ਼ ਲਾਇਆ ਕਿ ਮੋਦੀ ਨੇ ਵੱਡੇ ਉਦਯੋਗਪਤੀਆਂ ਦੇ ਕਰਜ਼ੇ ਮੁਆਫ਼ ਕਰ ਕੇ ਉਨ੍ਹਾਂ ਨੂੰ ਸਾਰੇ ਲਾਭ ਦਿਤੇ ਹਨ। ਇਸ ਤੋਂ ਪਹਿਲਾਂ ਵੱਲਭਨਗਰ ’ਚ ਕਾਂਗਰਸ ਨੇਤਾ ਨੇ ਦੇਸ਼ ਭਰ ’ਚ ਜਾਤ ਅਧਾਰਤ ਮਰਦਮਸ਼ੁਮਾਰੀ ਦੀ ਮੰਗ ਸਮੇਤ ਕਈ ਮੁੱਦੇ ਵੀ ਚੁੱਕੇ ਸਨ। ਜਾਤ ਅਧਾਰਤ ਮਰਦਮਸ਼ੁਮਾਰੀ ਨੂੰ ਦੇਸ਼ ਦਾ ‘ਐਕਸ-ਰੇ’ ਦਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਰਾਜਸਥਾਨ ’ਚ ਸੱਤਾ ’ਚ ਆਉਂਦੀ ਹੈ ਤਾਂ ਸੂਬੇ ’ਚ ਜਾਤ ਅਧਾਰਤ ਮਰਦਮਸ਼ੁਮਾਰੀ ਕਰਵਾਏਗੀ ਅਤੇ ਜੇਕਰ ਪਾਰਟੀ ਕੇਂਦਰ ’ਚ ਸਰਕਾਰ ਬਣਾਉਂਦੀ ਹੈ ਤਾਂ ਇਹ ਮਰਦਮਸ਼ੁਮਾਰੀ ਦੇਸ਼ ਪੱਧਰ ’ਤੇ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਅਸੀਂ ਭਾਗੀਦਾਰੀ ਬਾਰੇ ਕਿਵੇਂ ਗੱਲ ਕਰ ਸਕਦੇ ਹਾਂ ਜੇਕਰ ਸਾਨੂੰ ਇਹ ਨਹੀਂ ਪਤਾ ਕਿ ਕਿਸ ਦੀ ਆਬਾਦੀ ਕਿੰਨੀ ਹੈ?’’ ਉਨ੍ਹਾਂ ਕਿਹਾ, ‘‘ਜੇਕਰ ਅਸੀਂ ਅਧਿਕਾਰਾਂ ਅਤੇ ਭਾਗੀਦਾਰੀ ਦੀ ਗੱਲ ਕਰ ਰਹੇ ਹਾਂ ਤਾਂ ਸਾਨੂੰ ਇਹ ਪਤਾ ਲਗਾਉਣਾ ਹੋਵੇਗਾ ਕਿ ਕਿੰਨੇ ਲੋਕ ਕਿਸ ਜਾਤ ਅਤੇ ਸਮਾਜ ਦੇ ਹਨ। ਇਸ ਨੂੰ ਅਸੀਂ ਜਾਤ ਅਧਾਰਤ ਮਰਦਮਸ਼ੁਮਾਰੀ ਕਹਿੰਦੇ ਹਾਂ। ਜਾਤ ਅਧਾਰਤ ਮਰਦਮਸ਼ੁਮਾਰੀ ਦੇਸ਼ ਦਾ ਐਕਸ-ਰੇ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਉੱਤਰਾਖੰਡ ’ਚ ਮਜ਼ਦੂਰ ਫਸੇ ਹੋਏ ਹਨ, ਮੀਡੀਆ 24 ਘੰਟੇ ਕ੍ਰਿਕਟ ਦੀ ਗੱਲ ਕਰ ਰਿਹਾ ਹੈ। ਕੀ ਇਹ ਚੰਗੀ ਗੱਲ ਹੈ? ਸਾਡੇ ਮਜ਼ਦੂਰਾਂ ਨੂੰ ਵੀ ਦੋ ਮਿੰਟ ਦਿਉ।’’