ਕੋਚੀ, 01 ਦਸੰਬਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਰਟੀ ਨੂੰ ਆਪਣੇ ਸੰਗਠਨਾਤਮਕ ਢਾਂਚੇ ਦੇ ਅੰਦਰ ਔਰਤਾਂ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਅਗਲੇ 10 ਸਾਲਾਂ ਦੇ ਅੰਦਰ 50 ਫੀਸਦੀ ਔਰਤਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਟੀਚਾ ਤੈਅ ਕਰਨਾ ਚਾਹੀਦਾ ਹੈ। ਇੱਥੇ ਕੇਰਲ ਮਹਿਲਾ ਕਾਂਗਰਸ ਦੇ ਸੰਮੇਲਨ 'ਉਤਸਾਹ' ਦਾ ਉਦਘਾਟਨ ਕਰਦੇ ਹੋਏ ਵਾਇਨਾਡ ਦੀ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ 'ਚ ਕਈ ਮਹਿਲਾ ਨੇਤਾਵਾਂ ਹਨ, ਜਿਨ੍ਹਾਂ ਕੋਲ ਮੁੱਖ ਮੰਤਰੀ ਬਣਨ ਲਈ ਜ਼ਰੂਰੀ ਗੁਣ ਹਨ। "ਪਹਿਲਾਂ, ਮੈਂ ਚਰਚਾ ਕਰ ਰਿਹਾ ਸੀ ਕਿ ਸਾਡੇ ਲਈ ਕੋਸ਼ਿਸ਼ ਕਰਨ ਅਤੇ ਪ੍ਰਾਪਤ ਕਰਨ ਲਈ ਇੱਕ ਚੰਗਾ ਟੀਚਾ ਕੀ ਹੋਵੇਗਾ, ਅਤੇ ਮੈਂ ਸੋਚਿਆ ਕਿ ਕਾਂਗਰਸ ਪਾਰਟੀ ਲਈ ਇੱਕ ਚੰਗਾ ਟੀਚਾ ਇਹ ਹੋਵੇਗਾ ਕਿ ਅੱਜ ਤੋਂ 10 ਸਾਲਾਂ ਵਿੱਚ, ਸਾਡੇ ਮੁੱਖ ਮੰਤਰੀਆਂ ਵਿੱਚੋਂ 50 ਪ੍ਰਤੀਸ਼ਤ ਔਰਤਾਂ ਹਨ। ਗਾਂਧੀ ਨੇ ਕਿਹਾ, "ਅੱਜ ਸਾਡੇ ਕੋਲ ਇੱਕ ਵੀ ਮਹਿਲਾ ਮੁੱਖ ਮੰਤਰੀ ਨਹੀਂ ਹੈ ਪਰ ਮੈਂ ਜਾਣਦਾ ਹਾਂ ਕਿ ਕਾਂਗਰਸ ਪਾਰਟੀ ਵਿੱਚ ਬਹੁਤ ਸਾਰੀਆਂ ਔਰਤਾਂ ਹਨ ਜਿਨ੍ਹਾਂ ਵਿੱਚ ਬਹੁਤ ਵਧੀਆ ਮੁੱਖ ਮੰਤਰੀ ਬਣਨ ਦੇ ਗੁਣ ਹਨ।" ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਔਰਤਾਂ ਕਈ ਤਰੀਕਿਆਂ ਨਾਲ ਮਰਦਾਂ ਨਾਲੋਂ ਬਿਹਤਰ ਹਨ। ਉਨ੍ਹਾਂ ਕੋਲ ਮਰਦਾਂ ਨਾਲੋਂ ਵਧੇਰੇ ਸਬਰ ਹੁੰਦਾ ਹੈ। ਉਨ੍ਹਾਂ ਕੋਲ ਮਰਦਾਂ ਨਾਲੋਂ ਵਧੇਰੇ ਲੰਮੀ ਮਿਆਦ ਦੀ ਦ੍ਰਿਸ਼ਟੀ ਹੁੰਦੀ ਹੈ। ਉਹ ਮਰਦਾਂ ਨਾਲੋਂ ਵਧੇਰੇ ਸੰਵੇਦਨਸ਼ੀਲ ਅਤੇ ਦਿਆਲੂ ਹਨ। ਅਸੀਂ ਮੂਲ ਰੂਪ ’ਚ ਮੰਨਦੇ ਹਾਂ ਕਿ ਔਰਤਾਂ ਨੂੰ ਸ਼ਕਤੀ ਦਾ ਹਿੱਸਾ ਹੋਣਾ ਚਾਹੀਦਾ ਹੈ।’’ ਕਾਂਗਰਸ ਨੇਤਾ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ’ਤੇ ਵੀ ਨਿਸ਼ਾਨਾ ਲਾਉਂਦਿਆਂ ਹੋਏ ਕਿਹਾ ਕਿ ਇਹ ਪੂਰੀ ਤਰ੍ਹਾਂ ਮਰਦ ਪ੍ਰਧਾਨ ਸੰਗਠਨ ਹੈ। ਗਾਂਧੀ ਨੇ ਦਾਅਵਾ ਕੀਤਾ ਕਿ ਆਰ.ਐਸ.ਐਸ. ਨੇ ਕਦੇ ਵੀ ਔਰਤਾਂ ਨੂੰ ਅਪਣੇ ਸੰਗਠਨ ’ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਆਰ.ਐਸ.ਐਸ. ਅਤੇ ਕਾਂਗਰਸ ਵਿਚਾਲੇ ਮੁਢਲੀ ਲੜਾਈ ਭਾਰਤੀ ਰਾਜਨੀਤੀ ਵਿਚ ਔਰਤਾਂ ਦੀ ਭੂਮਿਕਾ ਨੂੰ ਲੈ ਕੇ ਹੈ। ਉਨ੍ਹਾਂ ਨੇ ਸੰਸਦ ਦੀ ਮਨਜ਼ੂਰੀ ਦੇ ਬਾਵਜੂਦ ਮਹਿਲਾ ਰਾਖਵਾਂਕਰਨ ਬਿਲ ਨੂੰ ਲਾਗੂ ਕਰਨ ਤੋਂ ਰੋਕਣ ਲਈ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਮੈਂ ਕਦੇ ਵੀ ਸੰਸਦ ’ਚ ਅਜਿਹਾ ਬਿਲ ਪਾਸ ਹੁੰਦੇ ਨਹੀਂ ਵੇਖਿਆ, ਜਿਸ ਨੂੰ ਇਕ ਦਹਾਕੇ ਬਾਅਦ ਲਾਗੂ ਕੀਤਾ ਜਾਵੇ। ਇਹ ਇਕਲੌਤਾ ਬਿਲ ਹੈ ਜੋ ਭਾਜਪਾ 10 ਸਾਲਾਂ ਬਾਅਦ ਲਾਗੂ ਕਰ ਰਹੀ ਹੈ।’’ ਉਨ੍ਹਾਂ ਨੇ ਕੁਝ ਸੱਜੇ ਪੱਖੀ ਨੇਤਾਵਾਂ ਦੇ ਕਥਿਤ ਬਿਆਨਾਂ ਦਾ ਵੀ ਹਵਾਲਾ ਦਿਤਾ ਕਿ ਜੇਕਰ ਕੋਈ ਕੁੜੀ ਚੰਗੀ ਤਰ੍ਹਾਂ ਕਪੜੇ ਪਹਿਨਦੀ ਤਾਂ ਉਸ ਨਾਲ ਬਲਾਤਕਾਰ ਨਹੀਂ ਹੁੰਦਾ। ਉਨ੍ਹਾਂ ਕਿਹਾ, ‘‘ਇਹ ਦੇਸ਼ ਦੀ ਹਰ ਔਰਤ ਦਾ ਅਪਮਾਨ ਹੈ। ਇਹ ਪੀੜਤ ਨੂੰ ਖਲਨਾਇਕ ਬਣਾਉਣ ਦੇ ਬਰਾਬਰ ਹੈ। ਆਰ.ਐਸ.ਐਸ. ਅਤੇ ਸਾਡੇ ਵਿੱਚ ਇਹੀ ਅੰਤਰ ਹੈ।’’
ਰਾਹੁਲ ਗਾਂਧੀ ਦੇ ਜਹਾਜ਼ ਨੂੰ ਨੇਵੀ ਏਅਰਪੋਰਟ 'ਤੇ ਨਹੀਂ ਦਿੱਤਾ ਗਿਆ ਉਤਰਨ
ਕਾਂਗਰਸ ਪਾਰਟੀ ਨੇ ਸ਼ੁੱਕਰਵਾਰ ਨੂੰ ਰੱਖਿਆ ਮੰਤਰਾਲੇ 'ਤੇ ਉਸ ਜਹਾਜ਼ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਦਾ ਦੋਸ਼ ਲਾਇਆ, ਜਿਸ 'ਚ ਰਾਹੁਲ ਗਾਂਧੀ ਜਲ ਸੈਨਾ ਦੇ ਹਵਾਈ ਅੱਡੇ 'ਤੇ ਉਤਰਨ ਲਈ ਜਾ ਰਹੇ ਸਨ। ਏਰਨਾਕੁਲਮ ਡੀਸੀਸੀ ਦੇ ਚੇਅਰਮੈਨ ਮੁਹੰਮਦ ਸ਼ਿਆਸ ਨੇ ਦੋਸ਼ ਲਾਇਆ ਕਿ ਮੰਤਰਾਲੇ ਨੇ ਸ਼ੁਰੂ ਵਿੱਚ ਜਹਾਜ਼ ਨੂੰ ਜਲ ਸੈਨਾ ਦੀ ਸਹੂਲਤ ਵਿੱਚ ਉਤਰਨ ਦੀ ਇਜਾਜ਼ਤ ਦਿੱਤੀ ਸੀ, ਪਰ ਬਾਅਦ ਵਿੱਚ ਇਸ ਨੂੰ ਵਾਪਸ ਲੈ ਲਿਆ। ਏਰਨਾਕੁਲਮ ਡੀਸੀਸੀ ਦੇ ਚੇਅਰਮੈਨ ਮੁਹੰਮਦ ਸ਼ਿਆਸ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਰੱਖਿਆ ਮੰਤਰਾਲੇ ਦੇ ਇਸ ਆਦੇਸ਼ ਦੇ ਬਾਅਦ, ਰਾਹੁਲ ਗਾਂਧੀ ਨੂੰ ਕੰਨੂਰ ਤੋਂ ਲੈ ਕੇ ਜਾ ਰਹੇ ਜਹਾਜ਼ ਨੂੰ ਨੇਦੁਮਬਸੇਰੀ ਸਥਿਤ ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ (ਸੀਆਈਏਐਲ) ਵੱਲ ਮੋੜ ਦਿੱਤਾ ਗਿਆ। ਇੱਕ ਅਧਿਕਾਰਤ ਸੂਤਰ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਨੇਵੀ ਸਟੇਸ਼ਨ 'ਤੇ ਨਿੱਜੀ ਜੈੱਟਾਂ ਨੂੰ ਉਤਾਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਰੱਖਿਆ ਮੰਤਰਾਲੇ ਨੇ ਲਿਆ ਹੈ। ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ। ਕੇਰਲ ਦੌਰੇ 'ਤੇ ਆਏ ਰਾਹੁਲ ਗਾਂਧੀ ਦੇ ਸ਼ੁੱਕਰਵਾਰ ਨੂੰ ਕੋਚੀ 'ਚ ਦੋ ਪ੍ਰੋਗਰਾਮ ਤੈਅ ਹਨ। ਵਾਇਨਾਡ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕੇਰਲ ਦੇ ਕਲਪੇਟਾ ਵਿੱਚ ਵਾਇਨਾਡ ਮੈਡੀਕਲ ਕਾਲਜ ਦੀ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਸ਼ਟਰੀ ਰਾਜਮਾਰਗ ਵਿਸਤਾਰ ਪ੍ਰੋਜੈਕਟ ਦੀ ਸਮੀਖਿਆ ਮੀਟਿੰਗ ਵਿੱਚ ਵੀ ਹਿੱਸਾ ਲਿਆ। ਦੱਸਣਯੋਗ ਹੈ ਕਿ ਕਾਂਗਰਸ ਨੇਤਾ ਆਪਣੇ ਸੰਸਦੀ ਖੇਤਰ ਦੇ ਤਿੰਨ ਦਿਨਾਂ ਦੌਰੇ 'ਤੇ ਬੁੱਧਵਾਰ ਨੂੰ ਕੇਰਲ ਪਹੁੰਚੇ ਸਨ।