ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ 'ਤੇ ਦੁੱਖ ਕੀਤਾ ਪ੍ਰਗਟ
ਗੁਜਰਾਤ : ਮੋਰਬੀ (ਗੁਜਰਾਤ) ਵਿੱਚ ਐਤਵਾਰ ਸ਼ਾਮ ਕਰੀਬ 7 ਵਜੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਕੇਬਲ ਸਸਪੈਂਸ਼ਨ ਪੁਲ ਟੁੱਟਣ ਕਾਰਨ ਕਰੀਬ 400 ਲੋਕ ਮੱਛੂ ਨਦੀ ਵਿੱਚ ਡਿੱਗ ਗਏ। ਇਨ੍ਹਾਂ 'ਚੋਂ 35 ਲੋਕਾਂ ਦੀ ਨਦੀ 'ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 100 ਤੋਂ ਵਧੇਰੇ ਲੋਕ ਲਾਪਤਾ ਹਨ। ਫਿਲਹਾਲ ਰਾਹਤ ਕਾਰਜ ਜਾਰੀ ਹੈ। ਬਚਾਅ ਦਲ ਦੇ ਨਾਲ-ਨਾਲ ਸੈਂਕੜੇ ਸਥਾਨਕ ਲੋਕ ਵੀ ਬਚਾਅ ਕਾਰਜ 'ਚ ਲੱਗੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਰਬੀ 'ਚ ਹਾਦਸੇ 'ਚ ਜਾਨ ਗਵਾਉਣ ਵਾਲੇ ਹਰੇਕ ਦੇ ਪਰਿਵਾਰਾਂ ਲਈ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।ਉਨ੍ਹਾਂ ਨੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਗੱਲ ਕੀਤੀ ਅਤੇ ਬਚਾਅ ਕਾਰਜ ਬਾਰੇ ਜਾਣਕਾਰੀ ਲਈ। ਸੀਐਮ ਭੂਪੇਂਦਰ ਪਟੇਲ ਨੇ ਕਿਹਾ- ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਕਿਹਾ ਹੈ ਕਿ ਮੋਰਬੀ 'ਚ ਸਸਪੈਂਸ਼ਨ ਪੁਲ ਦੇ ਡਿੱਗਣ ਦੀ ਦੁਖਦਾਈ ਘਟਨਾ ਤੋਂ ਮੈਂ ਬਹੁਤ ਦੁਖੀ ਹਾਂ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਜ਼ਖਮੀਆਂ ਦੇ ਤੁਰੰਤ ਇਲਾਜ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਇਸ ਸਬੰਧੀ ਮੈਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਇਸ ਦੁਖਾਂਤ ਵਿੱਚ ਜਾਨ ਗਵਾਉਣ ਵਾਲੇ ਨਾਗਰਿਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ। ਸੂਬਾ ਸਰਕਾਰ ਹਰ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੇਵੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਘਟਨਾ ਨੂੰ ਦੁਖਦ ਦੱਸਿਆ। ਦੱਸ ਦੇਈਏ ਕਿ ਇਹ ਪੁਲ ਪਿਛਲੇ 6 ਮਹੀਨਿਆਂ ਤੋਂ ਬੰਦ ਸੀ। ਇਸੇ ਮਹੀਨੇ ਦੀਵਾਲੀ ਦੇ ਇਕ ਦਿਨ ਬਾਅਦ 25 ਅਕਤੂਬਰ ਨੂੰ ਇਸ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ। ਮੋਰਬੀ ਦਾ ਇਹ ਇਤਿਹਾਸਕ ਪੁਲ ਮਹਾਰਾਜਾ ਵਾਘਜੀ ਠਾਕੋਰ ਨੇ 1887 ਵਿੱਚ ਬਣਵਾਇਆ ਸੀ। ਇਸ ਪੁਲ ਦੀ ਕੁੱਲ ਲੰਬਾਈ 765 ਫੁੱਟ ਅਤੇ ਚੌੜਾਈ 4.5 ਫੁੱਟ ਹੈ। ਕਿਹਾ ਜਾਂਦਾ ਹੈ ਕਿ ਮਹਾਰਾਜਾ ਇਸ ਪੁਲ ਦੀ ਵਰਤੋਂ ਮਹਿਲ ਤੋਂ ਸ਼ਾਹੀ ਦਰਬਾਰ ਤੱਕ ਜਾਣ ਲਈ ਕਰਦੇ ਸਨ।