ਰਾਏਗੜ੍ਹ, 20 ਜੁਲਾਈ : ਮਹਾਰਾਸ਼ਟਰ ਦੇ ਜ਼ਿਲ੍ਹੇ ਰਾਏਗੜ੍ਹ ’ਚ ਪਹਾੜ ਖਿਸਕਣ ਨਾਲ ਇਕ ਪਿੰਡ ਦੇ ਤਕਰੀਬਨ 17 ਘਰ ਮਲਬੇ ਹੇਠਾਂ ਦਬਣ ਕਾਰਨ ਹੁਣ ਤੱਕ 12 ਮੌਤਾਂ ਹੋ ਗਈਆਂ ਹਨ। ਮਲਬੇ ਹੇਠਾਂ ਹਾਲੇ ਹੋਰ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਰਾਏਗੜ੍ਹ ਦੀ ਖਾਲਾਪੁਰ ਤਹਿਸੀਲ ਨੇੜੇ ਪਹਾੜ ’ਤੇ ਸਥਿਤ ਇਰਸ਼ਾਲਵਾੜੀ ਪਿੰਡ ’ਚ ਤਕਰੀਬਨ 48 ਪਰਿਵਾਰ ਰਹਿੰਦੇ ਹਨ। ਬੁੱਧਵਾਰ ਰਾਤ 11 ਵਜੇ ਦੇ ਆਸਪਾਸ ਪਿੰਡ ਦੇ ਉੱਪਰ ਸਥਿਤ ਪਹਾੜ ਦਾ ਇਕ ਹਿੱਸਾ ਅਚਾਨਕ ਹੇਠਾਂ ਡਿੱਗਣ ਲੱਗਿਆ। ਇਸ ਦੀ ਲਪੇਟ ’ਚ ਆ ਕੇ ਘਰ ਮਲਬੇ ਹੇਠਾਂ ਦਬ ਗਏ। ਪਿੰਡ ਦੇ ਬਚੇ ਘਰਾਂ ਦੇ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਐੱਨਡੀਆਰਐੱਫ ਦੀਆਂ ਚਾਰ ਟੀਮਾਂ ਸਥਾਨਕ ਅਧਿਕਾਰੀਆਂ ਨਾਲ ਬਚਾਅ ਕਾਰਜਾਂ ’ਚ ਲੱਗੀਆਂ ਹੋਈਆਂ ਹਨ। ਫਾਇਰ ਬ੍ਰਿਗੇਡ ਮੁਲਾਜ਼ਮ ਅਤੇ ਕੁਝ ਸਥਾਨਕ ਟ੍ਰੈਕਰਜ਼ ਵੀ ਬਚਾਅ ਕਾਰਜਾਂ ’ਚ ਮਦਦ ਕਰ ਰਹੇ ਹਨ। ਠਾਣੇ ਤੋਂ ਵੀ ਬਚਾਅ ਦਲ ਮੌਕੇ ’ਤੇ ਭੇਜੇ ਗਏ ਹਨ। ਤਕਰੀਬਨ 21 ਜਣਿਆਂ ਨੂੰ ਜ਼ਖ਼ਮੀ ਹਾਲਤ ’ਚ ਨਵੀਂ ਮੁੰਬਈ ਦੇ ਇਕ ਹਸਪਤਾਲ ’ਚ ਪਹੁੰਚਾਇਆ ਗਿਆ। ਇਨ੍ਹਾਂ ’ਚੋਂ ਕਈ ਜ਼ਖ਼ਮੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦਿੱਤੀ ਜਾ ਚੁੱਕੀ ਹੈ। ਇਰਸ਼ਾਲਵਾੜੀ ਇਕ ਆਦਿਵਾਸੀ ਪਿੰਡ ਹੈ, ਜਿੱਥੇ ਪੱਕੀ ਸੜਕ ਨਹੀਂ ਹੈ। 30 ਜੁਲਾਈ 2014 ਨੂੰ ਪੁਣੇ ਜ਼ਿਲ੍ਹੇ ਦੀ ਅੰਬੇਗਾਂਵ ਤਹਿਸੀਲ ਦੇ ਪਿੰਡ ਮਲਿਨ ’ਚ ਹੋਈ ਜ਼ਮੀਨ ਖਿਸਕਣ ਦੀ ਘਟਨਾ ਤੋਂ ਬਾਅਦ ਇਹ ਮਹਾਰਾਸ਼ਟਰ ’ਚ ਸਭ ਤੋਂ ਵੱਡੀ ਘਟਨਾ ਹੈ। ਇਸ ਦਰਮਿਆਨ ਬਚਾਅ ਮੁਹਿੰਮ ’ਚ ਮਦਦ ਲਈ ਜਾ ਰਹੇ ਨਵੀਂ ਮੁੰਬਈ ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਸਥਿਤੀ ਦਾ ਜਾਇਜ਼ਾ ਲੈਣ ਲਈ ਸਵੇਰੇ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਬਚਾਅ ਕਾਰਜਾਂ ’ਚ ਲੱਗੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜ-ਪੰਜ ਲੱਖ ਰੁਪਏ ਸਹਾਇਤਾ ਰਾਸ਼ੀ ਦੇ ਰੂਪ ’ਚ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਜ਼ਖ਼ਮੀਆਂ ਦਾ ਸਰਕਾਰੀ ਖ਼ਰਚ ’ਤੇ ਇਲਾਜ ਕਰਵਾਉਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਘੱਟੋ-ਘੱਟ 103 ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ ਹੈ, ਜੋ ਉੱਥੇ ਰਹਿ ਰਹੇ ਸਨ। ਉਨ੍ਹਾਂ ’ਚੋਂ ਕੁਝ ਝੋਨੇ ਦੇ ਖੇਤਾਂ ’ਚ ਕੰਮ ਲਈ ਬਾਹਰ ਗਏ ਸਨ ਤੇ ਕੁਝ ਬੱਚੇ ਸਰਕਾਰੀ ਸਕੂਲਾਂ ’ਚ ਸਨ। ਉਨ੍ਹਾਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਇਹ ਪਿੰਡ ਜ਼ਮੀਨ ਖਿਸਕਣ ਦੀ ਸੰਭਾਵਨਾ ਵਾਲੇ ਪਿੰਡਾਂ ਦੀ ਸੂਚੀ ’ਚ ਨਹੀਂ ਸੀ। ਹੁਣ ਸਾਡੀ ਤਰਜੀਹ ਮਲਬੇ ’ਚ ਫਸੇ ਲੋਕਾਂ ਨੂੰ ਬਚਾਉਣਾ ਹੈ। ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਮਲਬੇ ਦਾ 20 ਫੁੱਟ ਉੱਚਾ ਢੇਰ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਕਾਰਜਾਂ ਲਈ ਦੋ ਹੈਲੀਕਾਪਟਰ ਤਿਆਰ ਰੱਖੇ ਗਏ ਹਨ ਪਰ ਖ਼ਰਾਬ ਮੌਸਮ ਕਾਰਨ ਉਹ ਉਡਾਣ ਨਹੀਂ ਭਰ ਸਕੇ।