ਨਵੀਂ ਦਿੱਲੀ, 18 ਅਕਤੂਬਰ : ਗਾਜ਼ਾ ’ਚ ਇਕ ਹਸਪਤਾਲ ’ਤੇ ਹਮਲੇ ’ਚ ਵੱਡੀ ਗਿਣਤੀ ’ਚ ਲੋਕਾਂ ਦੇ ਮਾਰੇ ਜਾਣ ’ਤੇ ਦੁੱਖ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਾਰੀ ਸੰਘਰਸ਼ ’ਚ ਆਮ ਲੋਕਾਂ ਦਾ ਮਾਰਿਆ ਜਾਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸ ’ਚ ਸ਼ਾਮਲ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਮੀਡੀਆ ’ਚ ਆਈਆਂ ਖ਼ਬਰਾਂ ਅਨੁਸਾਰ, ਹਮਾਸ ਨੇ ਕਿਹਾ ਹੈ ਕਿ ਮੰਗਲਵਾਰ ਨੂੰ ਗ਼ਜ਼ਾ ਦੇ ਅਲ-ਅਹਿਲੀ ਹਸਪਤਾਲ ’ਚ ਹੋਏ ਭਿਆਨਕ ਧਮਾਕੇ ’ਚ ਸੈਂਕੜੇ ਲੋਕ ਮਾਰੇ ਗਏ। ਹਮਾਸ ਨੇ ਧਮਾਕੇ ਲਈ ਇਜ਼ਰਾਈਲ ਦੇ ਹਵਾਈ ਹਮਲੇ ਨੂੰ ਜ਼ਿੰਮੇਵਾਰ ਠਹਿਰਾਇਆ। ਪਰ ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਉਹ ਇਸ ’ਚ ਸ਼ਾਮਲ ਨਹੀਂ ਹੈ ਅਤੇ ਧਮਾਕਾ ਇਕ ਅਸਫ਼ਲ ਰਹੇ ਫ਼ਲਸਤੀਨੀ ਰਾਕੇਟ ਕਾਰਨ ਹੋਇਆ। ਮੋਦੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਗਾਜ਼ਾ ਦੇ ਅਲ ਅਹਿਲੀ ਹਸਪਤਾਲ ’ਚ ਲੋਕਾਂ ਦੀ ਦਰਦਨਾਕ ਮੌਤ ਨਾਲ ਡੂੰਘਾ ਸਦਮਾ ਲਗਿਆ ਹੈ। ਪੀੜਤ ਪ੍ਰਵਾਰਾਂ ਪ੍ਰਤੀ ਸਾਡੀ ਹਮਦਰਦੀ ਅਤੇ ਜ਼ਖ਼ਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਅਰਦਾਸ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਜਾਰੀ ਸੰਘਰਸ਼ ’ਚ ਆਮ ਲੋਕਾਂ ਦਾ ਮਾਰਿਆ ਜਾਣਾ ਗੰਭੀਰ ਅਤੇ ਨਰਿੰਤਰ ਚਿੰਤਾ ਦਾ ਵਿਸ਼ਾ ਹੈ। ਇਸ ’ਚ ਸ਼ਾਮਲ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।’’ ਇਜ਼ਰਾਈਲ ਅਤੇ ਹਮਾਸ ਵਿਚਕਾਰ ਲੜਾਈ ਉਦੋਂ ਸ਼ੁਰੂ ਹੋਈ ਜਦੋਂ ਗ਼ਾਜ਼ਾ ਪੱਟੀ ਤੋਂ ਹਥਿਆਰਬੰਦ ਹਮਾਸ ਲੜਾਕਿਆਂ ਨੇ ਸੱਤ ਅਕਤੂਬਰ ਨੂੰ ਜ਼ਮੀਨ, ਹਵਾ ਅਤੇ ਸਮੁੰਦਰ ਤੋਂ ਇਜ਼ਰਾਈਲ ’ਤੇ ਅਚਾਨਕ ਹਮਲਾ ਕਰ ਦਿਤਾ। ਇਸ ਸੰਘਰਸ਼ ਤੋਂ ਬਾਅਦ ਤੋਂ ਲਗਭਗ 2,778 ਫ਼ਲਸਤੀਨੀ ਮਾਰੇ ਗਏ ਹਨ। ਮੀਡੀਆ ’ਚ ਆਈਆਂ ਖ਼ਬਰਾਂ ’ਚ ਇਜ਼ਰਾਈਲ ਦੇ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਜ਼ਰਾਈਲ ’ਚ ਘੱਟ ਤੋਂ ਘੱਟ 1400 ਇਜ਼ਰਾਈਲੀ ਅਤੇ ਵਿਦੇਸ਼ੀ ਨਾਗਰਿਕ ਮਾਰੇ ਗਏ ਹਨ।