ਗੋਹਦ, 04 ਨਵੰਬਰ : ਭਿੰਡ ਜਿਲ੍ਹੇ ਦੇ ਅਧੀਨ ਆਉਂਦੀ ਵਿਧਾਨ ਸਭਾ ਗੋਹਦ ਸੀਟ ਦੇ ਪਿੰਡ ਖਨੇਤਾ ‘ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਦੇਸ਼ ਵਿੱਚ ਨਾਪਾਕ ਹਰਕਤਾਂ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸਰਹੱਦ ਦੇ ਇਸ ਪਾਰ ਜਾਂ ਲੋੜ ਪੈਣ ਤੇ ਉਸ ਪਾਰ ਵੀ ਖ਼ਤਮ ਕਰ ਸਕਦਾ ਹੈ। ਰਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ‘‘ਭਾਰਤ ਦਾ ਮਾਣ ਪੂਰੀ ਦੁਨੀਆਂ ’ਚ ਵਧ ਰਿਹਾ ਹੈ। ਕਾਂਗਰਸ ਦੇ ਰਾਜ ’ਚ ਵਿਦੇਸ਼ਾਂ ’ਚ ਲੋਕ ਕਹਿੰਦੇ ਸਨ ਕਿ ਭਾਰਤ ਕਮਜ਼ੋਰ ਦੇਸ਼ ਹੈ। ਦੁਨੀਆਂ ਸਾਡੀਆਂ ਗੱਲਾਂ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦੀ ਸੀ। ਪਰ ਹੁਣ ਸਥਿਤੀ ਬਦਲ ਗਈ ਹੈ ਅਤੇ ਜੇਕਰ ਭਾਰਤ ਕੌਮਾਂਤਰੀ ਮੰਚ ’ਤੇ ਕੁਝ ਕਹਿੰਦਾ ਹੈ ਤਾਂ ਦੁਨੀਆਂ ਕੰਨ ਖੋਲ੍ਹ ਕੇ ਸੁਣਦੀ ਹੈ।’’ਉਨ੍ਹਾਂ ਕਿਹਾ ਕਿ ਹੁਣ ਤੁਹਾਡਾ ਭਾਰਤ ਕੋਈ ਕਮਜ਼ੋਰ ਦੇਸ਼ ਨਹੀਂ ਹੈ। ਦੁਨੀਆਂ ਦੀ ਕੋਈ ਵੀ ਤਾਕਤ ਭਾਰਤ ਨੂੰ ਧਮਕੀ ਦੇਣ ਦੀ ਹਿੰਮਤ ਨਹੀਂ ਕਰ ਸਕਦੀ। ਰਾਜਨਾਥ ਸਿੰਘ ਨੇ ਕਿਹਾ, ‘‘ਜੇਕਰ ਕੋਈ ਕਿਸੇ ਨਾਪਾਕ ਹਰਕਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਭਾਰਤ ਉਨ੍ਹਾਂ ਨੂੰ ਸਰਹੱਦ ਦੇ ਇਸ ਪਾਸੇ ਖ਼ਤਮ ਕਰ ਸਕਦਾ ਹੈ ਅਤੇ ਜ਼ਰੂਰਤ ਪੈਣ ’ਤੇ ਸਰਹੱਦ ਦੇ ਦੂਜੇ ਪਾਸੇ ਵੀ ਉਨ੍ਹਾਂ ’ਤੇ ਹਮਲਾ ਕਰ ਸਕਦਾ ਹੈ।’’ ਉਨ੍ਹਾਂ ਨੇ ਕਿਹਾ ਕਿ ਭਿੰਡ ਜ਼ਿਲ੍ਹੇ ’ਚ ਹਰ ਪੰਜ ਪਰਵਾਰਾਂ ’ਚੋਂ ਇਕ ਵਿਅਕਤੀ ਫ਼ੌਜ ’ਚ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਪਰਵਾਰਾਂ ਦਾ ਧਨਵਾਦ ਕਰਨਾ ਚਾਹੁੰਦੇ ਹਨ। ਰਖਿਆ ਮੰਤਰੀ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਕੰਮਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੱਧ ਪ੍ਰਦੇਸ਼ ਪਹਿਲਾਂ ਬੀਮਾਰੂ ਸੂਬਾ ਸੀ ਪਰ ਦੇਸ਼ ਦੇ ਲੋਕ ਹੁਣ ਕਹਿ ਰਹੇ ਹਨ ਕਿ ਜੇਕਰ ਵਿਕਾਸ ਵੇਖਣਾ ਹੈ ਤਾਂ ਮੱਧ ਪ੍ਰਦੇਸ਼ ਜਾਣਾ ਹੋਵੇਗਾ। ਉਨ੍ਹਾਂ ਕਿਹਾ, ‘‘ਇਹ ਦੇਸ਼ ਦਾ ਸਭ ਤੋਂ ਸਾਫ਼ ਸੂਬਾ ਹੈ।’’ ਰਾਜਨਾਥ ਸਿੰਘ ਨੇ ਭਿੰਡ ’ਚ ਦੋ ਹੋਰ ਰੈਲੀਆਂ ਨੂੰ ਵੀ ਸੰਬੋਧਨ ਕੀਤਾ। ਮੱਧ ਪ੍ਰਦੇਸ਼ ਦੀਆਂ 230 ਵਿਧਾਨ ਸਭਾ ਸੀਟਾਂ ਲਈ 17 ਨਵੰਬਰ ਨੂੰ ਵੋਟਾਂ ਪੈਣਗੀਆਂ।