ਗੁਹਾਟੀ, 04 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ‘ਤੇ ਅਸਾਮ ਦੇ ਗੁਹਾਟੀ ਪਹੁੰਚੇ। ਐਤਵਾਰ ਸਵੇਰੇ ਉਨ੍ਹਾਂ ਨੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨਾਲ ਰੋਡ ਸ਼ੋਅ ਕੀਤਾ। ਇਸ ਤੋਂ ਬਾਅਦ ਗੁਹਾਟੀ ਦੇ ਵੈਟਰਨਰੀ ਕਾਲਜ ਗਰਾਊਂਡ ‘ਚ ਮਾਂ ਕਾਮਾਖਿਆ ਮੰਦਿਰ ਕੋਰੀਡੋਰ ਸਮੇਤ 11 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਸ਼ਰਧਾਲੂਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮਿਲਣਗੀਆਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ- ਅਸਾਮ ਦਾ ਪਿਆਰ ਮੇਰਾ ਭਰੋਸਾ ਹੈ। ਮੋਦੀ ਨੇ ਕਿਹਾ ਕਿ ਅੱਜ ਇਕ ਵਾਰ ਫਿਰ ਮਾਂ ਕਾਮਾਖਿਆ ਦੇ ਆਸ਼ੀਰਵਾਦ ਨਾਲ ਮੈਨੂੰ ਅਸਾਮ ਦੇ ਵਿਕਾਸ ਨਾਲ ਜੁੜੇ ਪ੍ਰੋਜੈਕਟਾਂ ਨੂੰ ਤੁਹਾਡੇ ਹਵਾਲੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “11,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਉਦਘਾਟਨ ਨਾਲ ਅਸਾਮ ਅਤੇ ਉੱਤਰ-ਪੂਰਬ ਦਾ ਦੱਖਣੀ ਏਸ਼ੀਆ ਦੇ ਹੋਰ ਦੇਸ਼ਾਂ ਨਾਲ ਸੰਪਰਕ ਮਜ਼ਬੂਤ ਹੋਵੇਗਾ। ਇਹ ਪ੍ਰੋਜੈਕਟ ਸੈਰ-ਸਪਾਟਾ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਵਧਾਏਗਾ”। ਮਾਂ ਕਾਮਾਖਿਆ ਕੋਰੀਡੋਰ ਮਹਾਕਾਲ ਅਤੇ ਕਾਸ਼ੀ ਵਿਸ਼ਵਨਾਥ ਕੋਰੀਡੋਰ ਦੀ ਤਰ੍ਹਾਂ ਇਸ ਨੂੰ 498 ਕਰੋੜ ਰੁਪਏ ਖਰਚ ਕੇ ਵਿਕਸਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਗੁਹਾਟੀ ਨਿਊ ਏਅਰਪੋਰਟ ਟਰਮੀਨਲ ਤੋਂ 358 ਕਰੋੜ ਰੁਪਏ ਦੀ ਲਾਗਤ ਵਾਲੇ ਛੇ ਮਾਰਗੀ ਸੜਕ ਪ੍ਰੋਜੈਕਟ, 831 ਕਰੋੜ ਰੁਪਏ ਦੀ ਲਾਗਤ ਵਾਲੇ ਇੱਕ ਅੰਤਰਰਾਸ਼ਟਰੀ ਫੁੱਟਬਾਲ ਸਟੇਡੀਅਮ ਅਤੇ 300 ਕਰੋੜ ਰੁਪਏ ਦੀ ਲਾਗਤ ਵਾਲੇ ਇੱਕ ਨਵੇਂ ਸਪੋਰਟਸ ਕੰਪਲੈਕਸ ਪ੍ਰੋਜੈਕਟ ਦਾ ਵੀ ਉਦਘਾਟਨ ਕੀਤਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਅਸਾਮ ਮਾਲਾ ਸੜਕਾਂ ਦੇ ਦੂਜੇ ਪੜਾਅ ਦੀ ਸ਼ੁਰੂਆਤ ਵੀ ਕੀਤੀ। ਇਸ ਪੜਾਅ ਵਿੱਚ, 43 ਨਵੀਆਂ ਸੜਕਾਂ ਅਤੇ 38 ਕੰਕਰੀਟ ਪੁਲ ਬਣਾਏ ਜਾਣਗੇ ਅਤੇ ਕੁੱਲ 3,444 ਕਰੋੜ ਰੁਪਏ ਦੀ ਲਾਗਤ ਆਵੇਗੀ। PM ਮੋਦੀ ਨੇ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ। ਇਸ ਨੂੰ 3,250 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ।