ਬਾਂਸਵਾੜਾ, 7 ਮਾਰਚ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕੇਂਦਰ 'ਚ ਪਾਰਟੀ ਦੀ ਸਰਕਾਰ ਬਣਨ 'ਤੇ ਨੌਜਵਾਨਾਂ ਨੂੰ 30 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਰਾਹੁਲ ਗਾਂਧੀ ਅਪਣੀ 'ਭਾਰਤ ਜੋੜੋ ਨਿਆਂ ਯਾਤਰਾ' ਤਹਿਤ ਬਾਂਸਵਾੜਾ 'ਚ ਆਯੋਜਤ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਨੌਜਵਾਨਾਂ, ਗਰੀਬਾਂ ਅਤੇ ਹੋਰ ਵਰਗਾਂ ਲਈ ਪਾਰਟੀ ਦੇ ਪ੍ਰਸਤਾਵਿਤ ਕਦਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਾਂਗਰਸ ਪਾਰਟੀ ਨੌਜਵਾਨਾਂ ਲਈ ਕੀ ਕਰਨ ਜਾ ਰਹੀ ਹੈ? ਪਹਿਲਾ ਕਦਮ, ਅਸੀਂ ਗਿਣਿਆ ਹੈ - ਭਾਰਤ ਵਿਚ 30 ਲੱਖ ਸਰਕਾਰੀ ਅਸਾਮੀਆਂ ਖਾਲੀ ਹਨ, ਮੋਦੀ ਜੀ ਉਨ੍ਹਾਂ ਨੂੰ ਨਹੀਂ ਭਰ ਰਹੇ। ਭਾਜਪਾ ਉਨ੍ਹਾਂ ਨੂੰ ਨਹੀਂ ਭਰਦੀ। ਸਰਕਾਰ 'ਚ ਆਉਣ ਤੋਂ ਬਾਅਦ ਸੱਭ ਤੋਂ ਪਹਿਲਾਂ ਅਸੀਂ ਇਹ 30 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਕੰਮ ਕਰਾਂਗੇ। ਉਨ੍ਹਾਂ ਕਿਹਾ ਇਹ ਪੰਜ ਇਤਿਹਾਸਕ ਕੰਮ ਹਨ, ਨੌਜਵਾਨਾਂ ਲਈ ਭਰਤੀ ਭਰੋਸਾ 30 ਲੱਖ ਖਾਲੀ ਅਸਾਮੀਆਂ ਨੂੰ ਭਰਨਾ, ਪਹਿਲੀ ਨੌਕਰੀ ਪੱਕੀ ਕਰਨਾ, ਪੇਪਰ ਲੀਕ ਤੋਂ ਮੁਕਤੀ, 'ਯੁਵਾ ਰੋਸ਼ਨੀ' ਤਹਿਤ ਜ਼ਿਲ੍ਹਿਆਂ ਵਿਚ ਗਿਗ ਵਰਕਰਾਂ ਅਤੇ ਸਟਾਰਟਅੱਪਾਂ ਲਈ ਸਮਾਜਿਕ ਸੁਰੱਖਿਆ ਲਈ 5,000 ਕਰੋੜ ਰੁਪਏ, ਅਸੀਂ ਇਹ ਤੁਹਾਡੇ ਲਈ ਕਰਨ ਜਾ ਰਹੇ ਹਾਂ। ਕਾਂਗਰਸੀ ਆਗੂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਾਰੰਟੀ ਦੇਣ ਦਾ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ, ''ਪਾਣੀ ਅਤੇ ਜੰਗਲਾਂ ਲਈ ਆਦਿਵਾਸੀਆਂ ਦੀ ਲੜਾਈ ਸਾਡੀ ਲੜਾਈ ਹੈ। ਅਸੀਂ ਤੁਹਾਡੇ ਨਾਲ ਖੜੇ ਹਾਂ।'' ਇਸ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਵੀ ਜਨ ਸਭਾ ਨੂੰ ਸੰਬੋਧਨ ਕੀਤਾ।