ਕਾਲਾਂਵਾਲੀ, 3 ਅਕਤੂਬਰ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੱਠੀ ਰਫਤਾਰ ਨਾਲ ਬਣ ਰਹੀਆਂ ਵੋਟਾਂ ਵਿੱਚ ਤੇਜ਼ੀ ਲਿਆਉਣ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਾਬਕਾ ਪ੍ਰਧਾਨ ਪ੍ਰਸਿੱਧ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਕਾਲਾਂਵਾਲੀ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਸਿੱਖ ਸੰਗਤ ਨੂੰ ਵੋਟਾਂ ਬਣਵਾਉਣ ਲਈ ਪ੍ਰੇਰਿਤ ਕੀਤਾ। ਮੰਡੀ ਕਾਲਾਂਵਾਲੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਕਿਹਾ ਕਿ ਉਹ ਸਿਰਸਾ ਜਿਲ੍ਹੇ ਦੇ ਪਿੰਡਾਂ ਵਿੱਚ ਜਾ ਕੇ ਵੋਟਾਂ ਬਣਾਉਣ ਲਈ ਪ੍ਰਚਾਰ ਹਿੱਤ ਜੁਟੇ ਹੋਏ ਹਨ। ਉਨਾ ਕਿਹਾ ਕੇ ਪੰਜਾਬ ਨਾਲੋਂ ਹਰਿਆਣਾ ਵੱਖ ਬਣਨ ਤੋਂ ਬਾਅਦ ਬਹੁਤ ਸਾਰੇ ਮੁੱਦਿਆਂ ਤੇ ਹਰਿਆਣਾ ਦੇ ਸਿੱਖਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਅਸੀਂ ਲੰਬੀ ਜੱਦੋ ਜਹਿਦ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਂਦਾ ਹੈ। ਇਸ ਕਮੇਟੀ ਨੂੰ ਹਰਿਆਣਾ ਦੇ ਸਿੱਖਾਂ ਵੱਲੋਂ ਚੁਣੇ ਗਏ ਨੁਮਾਇੰਦੇ ਬਿਹਤਰ ਢੰਗ ਨਾਲ ਚਲਾ ਸਕਦੇ ਹਨ। ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨ ਅਤੇ ਹਰਿਆਣਾ ਸਰਕਾਰ ਨੂੰ ਅਪੀਲ ਕਰਨ ਤੇ ਕਮੇਟੀ ਦੀਆਂ ਵੋਟਾਂ ਬਟਾਉਣ ਲਈ ਸਮਾਂ 16 ਅਕਤੂਬਰ ਤੱਕ ਹੋਰ ਵਧਾਉਣ ਤੇ ਹਰਿਆਣਾ ਦੀ ਸਮੁੱਚੀ ਸੰਗਤ ਵਲੋ ਧੰਨਵਾਦ ਕਰਦੇ ਹਾਂ। ਉਨ੍ਹਾਂ ਸਿੱਖ ਵੋਟਰਾਂ ਨੂੰ ਅਪੀਲ ਕੀਤੀ ਕੇ ਉਹ ਆਪਣੇ ਸਮੂੰਹ ਵੇਰਵੇ ਪੰਜਾਬੀ ਭਾਸ਼ਾ ਵਿੱਚ ਅਧਿਕਾਰੀਆਂ ਅੱਗੇ ਪੇਸ਼ ਕਰਨ।