ਹਰਿਆਣਾ ਪੁਲਿਸ ਨੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ, 6 ਕਿਸਾਨ ਜ਼ਖਮੀ ਇੱਕ ਦੀ ਹਾਲਤ ਨਾਜ਼ੁਕ

ਸ਼ੰਭੂ ਬਾਰਡਰ, 6 ਦਸੰਬਰ 2024 : ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਿਸਾਨੀ ਮੰਗਾਂ ਦੇ ਸੰਬੰਧ 'ਚ ਦਿੱਲੀ ਵੱਲ ਪੈਦਲ ਕੂਚ ਕਰਨ ਦੇ ਐਲਾਨ ਸਬੰਧੀ ਸ਼ੁੱਕਰਵਾਰ ਦੁਪਹਿਰ ਕਰੀਬ 1 ਵਜੇ 101 ਮਰਜੀਵੜਿਆਂ ਦੀ ਫੌਜ ਦਾ ਜਥਾ ਦਿੱਲੀ ਰਵਾਨਾ ਹੋਇਆ। ਹਾਲਾਂਕਿ ਇਸ ਤੋਂ ਪਹਿਲਾਂ ਹੀ ਅੰਬਾਲਾ ਦੇ 10 ਪਿੰਡਾਂ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਜੋ 9 ਦਸੰਬਰ ਤਕ ਬੰਦ ਰਹਿਣਗੀਆਂ। ਦੂਜੇ ਪਾਸੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਵਿਖੇ ਧਰਨਾ ਦੇਣ ਲਈ ਮਨਜ਼ੂਰੀ ਦਿਖਾਉਣ ਦੀ ਆੜ 'ਚ ਸ਼ੰਭੂ ਬੈਰੀਅਰ 'ਤੇ ਪੈਰਾਮਿਲਟਰੀ ਫੋਰਸ ਸਮੇਤ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਮੁਲਾਜ਼ਮ ਤਾਇਨਾਤ ਕਰ ਦਿੱਤੀ ਗਈ ਜਿਸਨੇ ਉਨ੍ਹਾਂ ਨੂੰ ਅੱਗੇ ਵਧਣ ਨਹੀਂ ਦਿੱਤਾ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲ਼ੇ ਤੇ ਮਿਰਚਾਂ ਦੀ ਸਪਰੇਅ ਕੀਤੀ। ਅਖੀਰ ਕਿਸਾਨਾਂ ਨੂੰ ਮੁੜਨਾ ਪਿਆ। ਹਰਿਆਣਾ ਪੁਲਿਸ ਵੱਲੋਂ ਲਗਾਤਾਰ ਛੱਡੇ ਗਏ ਅੱਥਰੂ ਗੈਸ ਦੇ ਗੋਲਿਆਂ 'ਚ ਕਈ ਕਿਸਾਨ ਜ਼ਖ਼ਮੀ ਹੋ ਜਾਣ ਕਾਰਨ 'ਮਰਜੀਵੜਾ ਜਥਾ' ਵਾਪਸ ਮੁੜ ਆਇਆ ਹੈ। ਪ੍ਰਦਰਸ਼ਨਕਾਰੀ ਕਿਸਾਨ ਪਲਾਸਟਿਕ ਦੀ ਗੋਲ਼ੀ ਲੱਗਣ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਚੁੱਕ ਕੇ ਲਿਜਾਂਦੇ ਉਨ੍ਹਾਂ ਦੇ ਸਾਥੀ। ਹਰਿਆਣਾ ਪੁਲਿਸ ਲਗਾਤਾਰ ਅੱਥਰੂ ਗੈਸ ਦੇ ਗੋਲੇ ਛੱਡ ਰਹੀ ਹੈ। ਹੁਣ ਤਕ 20 ਤੋਂ ਵੱਧ ਗੈਸ ਦੇ ਗੋਲੇ ਛੱਡੇ ਜਾ ਚੁੱਕੇ ਹਨ। ਇਸ ਦੌਰਾਨ ਇਕ ਹੋਰ ਅੰਦੋਲਨਕਾਰੀ ਕਿਸਾਨ ਜ਼ਖ਼ਮੀ ਹੋ ਗਿਆ। ਇਸ ਤਰ੍ਹਾਂ ਹੁਣ ਤਕ ਦੋ ਕਿਸਾਨ ਜ਼ਖ਼ਮੀ ਹੋ ਚੁੱਕੇ ਹਨ। ਸਾਥੀ ਉਸ ਨੂੰ ਚੁੱਕ ਕੇ ਲੈ ਗਿਆ। ਕਿਸਾਨ ਨੂੰ ਬਾਅਦ 'ਚ ਐਂਬੂਲੈਂਸ 'ਚ ਲਿਜਾਇਆ ਗਿਆ। ਉੱਥੇ ਦੂਜੇ ਪਾਸੇ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਇਕੱਠ ਵੱਲ ਦੋ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਕਿਸਾਨ ਪਿੱਛੇ ਨੂੰ ਮੁੜ ਆਏ ਹਨ। ਸੁਰੱਖਿਆ ਦੇ ਲਿਹਾਜ਼ ਨਾਲ ਪਟਿਆਲਾ ਦੇ ਐਸਐਸਪੀ ਡਾ. ਨਾਨਕ ਸਿੰਘ ਇਸ ਸਮੇਂ ਪੁਲਿਸ ਅਧਿਕਾਰੀਆਂ ਨਾਲ ਸ਼ੰਭੂ ਬਾਰਡਰ 'ਤੇ ਮੌਜੂਦ ਹਨ। ਹਰਿਆਣਾ ਦੀ ਸਰਹੱਦ 'ਤੇ ਭਾਰੀ ਪੁਲਿਸ ਬਲ ਤਾਇਨਾਤ ਹੈ। ਕਿਸਾਨ ਆਗੂ ਪੰਜਾਬ ਸਰਹੱਦ ’ਤੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਹਨ। ਇਕ ਵਜੇ ਅੱਗੇ ਵਧਣ ਦਾ ਐਲਾਨ ਕਰ ਦਿੱਤਾ ਹੈ। ਅੰਬਾਲਾ ਦੇ 10 ਪਿੰਡਾਂ 'ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਦੇ ਹੋਏ ਕਿਹਾ ਕਿ, "ਕਿਸਾਨ ਜਥੇਬੰਦੀਆਂ ਕੋਲ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ। ਇਨ੍ਹਾਂ ਕੋਲ ਹਰਿਆਣਾ ਅੰਦਰ ਦਾਖਲ ਹੋਣ ਦੀ ਵੀ ਪਰਮਿਸ਼ਨ ਨਹੀ ਹੈ। ਅੰਬਾਲਾ ਵਿੱਚ ਧਾਰਾ 163 ਲਾਗੂ ਹੈ। ਪੁਲਿਸ ਦੀਆਂ 13 ਕੰਪਨੀਆਂ, ਸੀਆਰਪੀਐਫ ਅਤੇ ਬੀਐਸਐਫ ਦੀ ਇੱਕ-ਇੱਕ ਕੰਪਨੀ ਤਾਇਨਾਤ ਕੀਤੀ ਗਈ ਹੈ। ਕੁੱਲ ਡੇਢ ਹਜ਼ਾਰ ਤੋਂ ਵੱਧ ਮੁਲਾਜ਼ਮ ਤਾਇਨਾਤ ਹਨ। 3 ਜੇ.ਸੀ.ਬੀ., ਵਾਟਰ ਕੈਨਨ ਗੱਡੀਆਂ, 3 ਵਜਰਾ ਗੱਡੀਆਂ, 20 ਰੋਡਵੇਜ਼ ਬੱਸਾਂ ਅਤੇ 7 ਪੁਲਿਸ ਬੱਸਾਂ ਖੜੀਆਂ ਕੀਤੀਆਂ ਗਈਆਂ ਹਨ। 30 ਕਿਲੋਮੀਟਰ ਦੇ ਖੇਤਰ ਵਿਚ 3 ਥਾਵਾਂ 'ਤੇ ਤਿੰਨ ਪੱਧਰੀ ਬੈਰੀਕੇਡਿੰਗ ਕੀਤੀ ਗਈ ਹੈ। ਇੱਥੇ 3 ਲੇਅਰ ਬੈਰੀਕੇਡਿੰਗ ਹੈ। ਹਰਿਆਣਾ ਪੁਲਿਸ ਨੇ ਸੀਮਿੰਟ ਦੀ ਪੱਕੀ ਕੰਧ ਬਣਾਈ ਹੈ। ਪੁਲਿਸ ਅਤੇ ਨੀਮ ਫੌਜੀ ਬਲ ਤਾਇਨਾਤ ਹਨ। ਪੁਲ ਦੇ ਹੇਠਾਂ ਕਰੀਬ 1 ਹਜ਼ਾਰ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਤਾਇਨਾਤ ਹਨ। ਵਜਰਾ ਗੱਡੀਆਂ ਅਤੇ ਐਂਬੂਲੈਂਸ ਵੀ ਮੌਜੂਦ ਹਨ। ਇਸ ਸਮੇਂ ਇੱਥੇ ਡੇਢ ਹਜ਼ਾਰ ਦੇ ਕਰੀਬ ਕਿਸਾਨ ਇਕੱਠੇ ਹੋਏ ਹਨ। ਅੰਬਾਲਾ ਦੇ ਐਸਪੀ ਸੁਰਿੰਦਰ ਭੌਰੀਆ 6 ਦਸੰਬਰ ਨੂੰ ਦਿੱਲੀ ਵੱਲ ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਜਾਇਜ਼ਾ ਲੈਣ ਸ਼ੰਭੂ ਬਾਰਡਰ ਪੁੱਜੇ। ਉਨ੍ਹਾਂ ਮੀਡੀਆ ਰਾਹੀਂ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਸੁਰਿੰਦਰ ਭੌਰੀਆ ਨੇ ਕਿਹਾ ਕਿ ਜੇਕਰ ਕਿਸਾਨ ਸਹੀ ਮਨਜ਼ੂਰੀ ਲੈ ਕੇ ਦਿੱਲੀ ਜਾਂਦੇ ਹਨ ਤਾਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਬਣਾਈ ਰੱਖਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ।

ਕਿਸਾਨਾਂ ਦੀਆਂ ਮੁੱਖ ਮੰਗਾਂ

  • ਸਾਰੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਦੀ ਗਰੰਟੀ ਦੇਣ ਲਈ ਕਾਨੂੰਨ ਬਣਾਇਆ ਜਾਵੇ।
  • ਫਸਲਾਂ ਦੇ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਤੈਅ ਕੀਤੇ ਜਾਣ।
  • ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ ਮਾਫ਼ ਕੀਤੇ ਜਾਣ ਤੇ ਪੈਨਸ਼ਨਾਂ ਦਿੱਤੀਆਂ ਜਾਣ।
  • ਜ਼ਮੀਨ ਐਕਵਾਇਰ ਐਕਟ 2013 ਨੂੰ ਮੁੜ ਲਾਗੂ ਕੀਤਾ ਜਾਵੇ।
  • ਲਖੀਮਪੁਰ ਖੇੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।
  • ਭਾਰਤ ਮੁਕਤ ਵਪਾਰ ਸਮਝੌਤੇ ਤੋਂ ਬਾਹਰ ਆਵੇ।
  • ਕਿਸਾਨ ਅੰਦੋਲਨ 'ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ।
  • ਬਿਜਲੀ ਸੋਧ ਬਿੱਲ 2020 ਨੂੰ ਰੱਦ ਕੀਤਾ ਜਾਵੇ।
  • ਮਨਰੇਗਾ 'ਚ ਹਰ ਸਾਲ 200 ਦਿਨ ਕੰਮ, 700 ਰੁਪਏ ਦਿਹਾੜੀ

ਕੇਂਦਰ ਸਰਕਾਰ ਨੂੰ ਗੱਲਬਾਤ ਲਈ ਇੱਕ ਦਿਨ ਦਾ ਦਿੱਤਾ ਸਮਾਂ : ਕਿਸਾਨ ਆਗੂ 
ਦਿੱਲੀ ਮਾਰਚ ਸ਼ੁਰੂ ਹੋਣ ਤੋਂ ਕਰੀਬ ਢਾਈ ਘੰਟੇ ਬਾਅਦ ਕਿਸਾਨ ਸ਼ੰਭੂ ਸਰਹੱਦ ਤੋਂ ਪਿੱਛੇ ਹਟ ਗਏ। ਕਿਸਾਨ ਆਗੂ ਸਰਵਣ ਸਿੰਘ ਨੇ ਕਿਹਾ ਕਿ ਸਾਡੇ ਕਈ ਆਗੂ ਜ਼ਖ਼ਮੀ ਹੋਏ ਹਨ। ਅਜਿਹੀ ਸਥਿਤੀ ਵਿੱਚ, ਅਸੀਂ ਜਥੇ ਨੂੰ ਵਾਪਸ ਬੁਲਾ ਲਿਆ। ਉਨ੍ਹਾਂ ਕਿਹਾ ਕਿ ਸਾਡੀ ਹਰਿਆਣਾ ਪੁਲਿਸ ਨਾਲ ਗੱਲਬਾਤ ਹੋਈ ਹੈ। ਉਨ੍ਹਾਂ ਸਾਡੇ ਕੋਲੋਂ ਮੰਗ ਪੱਤਰ ਮੰਗਿਆ। ਇਸ ਤੋਂ ਬਾਅਦ ਅਸੀਂ ਮੰਗ ਪੱਤਰ ਸੌਂਪਿਆ। ਕੇਂਦਰ ਸਰਕਾਰ ਨੂੰ ਗੱਲਬਾਤ ਲਈ ਇੱਕ ਦਿਨ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਕੇਂਦਰ ਸਰਕਾਰ ਗੱਲ ਕਰੇ ਤਾਂ ਠੀਕ ਰਹੇਗਾ, ਨਹੀਂ ਤਾਂ ਪਰਸੋਂ 8 ਦਸੰਬਰ ਨੂੰ ਦੁਪਹਿਰ 12 ਵਜੇ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਮਾਰਚ ਕਰੇਗਾ। ਦੱਸ ਦੇਈਏ ਕਿ ਪਿਛਲੇ 9 ਮਹੀਨਿਆਂ ਤੋਂ ਪੰਜਾਬ-ਹਰਿਆਣਾ ਸਰਹੱਦ 'ਤੇ ਡੇਰੇ ਲਾਏ ਹੋਏ ਕਿਸਾਨਾਂ ਨੇ 101 ਕਿਸਾਨਾਂ ਦੇ ਪਹਿਲੇ ਜਥੇ ਨੂੰ ਦੁਪਹਿਰ 1 ਵਜੇ ਦਿੱਲੀ ਲਈ ਭੇਜਿਆ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਬੈਰੀਕੇਡ ਅਤੇ ਕੰਡਿਆਲੀ ਤਾਰ ਨੂੰ ਉਖਾੜ ਦਿੱਤਾ। ਇਸ ’ਤੇ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਚਿਤਾਵਨੀ ਦਿੰਦਿਆਂ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਨਾਲ 8 ਕਿਸਾਨ ਜ਼ਖ਼ਮੀ ਹੋ ਗਏ। ਇਨ੍ਹਾਂ 'ਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਹਰਿਆਣਾ ਪੁਲਿਸ ਦੀ ਇਸ ਵਹਿਸ਼ੀ ਕਾਰਵਾਈ ਵਿੱਚ ਕਈ ਕਿਸਾਨ ਜ਼ਖਮੀ ਹੋਏ ਹਨ : ਬਾਜਵਾ 
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਦਿੱਲੀ ਵੱਲ ਮਾਰਚ ਕਰਨ ਤੋਂ ਰੋਕਣ ਲਈ ਬਹੁਤ ਜ਼ਿਆਦਾ ਪੁਲਿਸ ਬਲ ਦੀ ਵਰਤੋਂ ਕਰਨ ਅਤੇ ਅੱਥਰੂ ਗੈਸ ਦੇ ਗੋਲੇ ਚਲਾਉਣ ਲਈ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਬਾਜਵਾ ਨੇ ਕਿਹਾ ਕਿ ਹਰਿਆਣਾ ਪੁਲਿਸ ਦੀ ਇਸ ਵਹਿਸ਼ੀ ਕਾਰਵਾਈ ਵਿੱਚ ਕਈ ਕਿਸਾਨ ਜ਼ਖਮੀ ਹੋਏ ਹਨ। ਬਾਜਵਾ ਨੇ ਕਿਹਾ ਕਿ ਪਿਛਲੀ ਮੋਹਨ ਲਾਲ ਖੱਟਰ ਸਰਕਾਰ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਜ਼ਾਲਮ ਹਰਿਆਣਾ ਸਰਕਾਰ ਕਿਸਾਨਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਨੂੰ ਦਬਾਉਣ 'ਤੇ ਤੁਲੀ ਹੋਈ ਹੈ, ਜੋ ਕਿ ਬਹੁਤ ਹੀ ਗੈਰ-ਲੋਕਤੰਤਰੀ ਕਦਮ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਿਸਾਨ ਉਨ੍ਹਾਂ ਦੇ ਸੂਬੇ 'ਚ ਵਿਰੋਧ ਪ੍ਰਦਰਸ਼ਨ ਨਹੀਂ ਕਰ ਰਹੇ ਹਨ। ਉਹ ਦਿੱਲੀ ਤੱਕ ਪਹੁੰਚਣ ਲਈ ਹਰਿਆਣਾ ਨੂੰ ਇੱਕ ਰਸਤੇ ਵਜੋਂ ਵਰਤ ਰਹੇ ਹਨ। ਬਾਜਵਾ ਨੇ ਕਿਹਾ ਕਿ ਸਾਰੇ ਹੈਰਾਨ ਹਨ ਕਿ ਹਰਿਆਣਾ ਸਰਕਾਰ ਇਸ ਤੋਂ ਪਰੇਸ਼ਾਨ ਕਿਉਂ ਹੈ। ਬਾਜਵਾ ਨੇ ਕਿਹਾ ਕਿ ਹਰ ਭਾਰਤੀ ਨਾਗਰਿਕ ਨੂੰ ਆਪਣੀ ਰਾਜਧਾਨੀ ਵਿੱਚ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨ ਅਤੇ ਆਪਣੀ ਆਵਾਜ਼ ਸੁਣਾਉਣ ਦਾ ਅਧਿਕਾਰ ਹੈ। ਇਸ ਦੌਰਾਨ ਹਰਿਆਣਾ ਦੀ ਤਾਨਾਸ਼ਾਹੀ ਭਾਜਪਾ ਸਰਕਾਰ ਨੇ ਜੋ ਕੀਤਾ ਹੈ, ਉਹ ਬਹੁਤ ਮੰਦਭਾਗਾ ਅਤੇ ਨਿੰਦਣਯੋਗ ਹੈ। ਬਾਜਵਾ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਰੂਪ ਦੇਣ ਦਾ ਲਾਭ ਸਿਰਫ਼ ਪੰਜਾਬੀ ਕਿਸਾਨਾਂ ਨੂੰ ਹੀ ਨਹੀਂ ਮਿਲੇਗਾ, ਸਗੋਂ ਹਰਿਆਣਾ ਸਮੇਤ ਪੂਰੇ ਦੇਸ਼ ਦੇ ਕਿਸਾਨਾਂ ਨੂੰ ਰਾਹਤ ਦਾ ਸਾਹ ਮਿਲੇਗਾ।

ਕਿਸਾਨਾਂ ਉੱਪਰ ਹਰਿਆਣਾ ਪੁਲਿਸ ਵੱਲੋਂ ਕੀਤੇ ਜਬਰ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਕੀਤੀ ਸਖਤ ਨਿਖੇਧੀ 
ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਸ਼ਾਂਤਮਈ 101 ਕਿਸਾਨਾਂ ਦੇ ਜਥੇ ਨਾਲ ਕੂਚ ਕਰਨ ਵਾਲੇ ਕਿਸਾਨਾਂ ਉੱਪਰ ਹਰਿਆਣਾ ਪੁਲਿਸ ਵੱਲੋਂ ਕੀਤੇ ਜਬਰ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ ਸਖਤ ਨਿਖੇਧੀ ਕੀਤੀ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਹੈ ਕਿ ਖਬਰਾਂ ਅਨੁਸਾਰ ਦੋ ਕਿਸਾਨ ਸਖਤ ਜ਼ਖਮੀ ਹੋਏ ਹਨ ਅਤੇ ਕਿਸਾਨਾਂ ਦੀਆਂ ਅੱਖਾਂ ਵਿੱਚ ਮਿਰਚਾਂ ਦਾ ਸਪਰੇਅ ਮਾਰਿਆ ਜਾ ਰਿਹਾ ਹੈ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ। ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਕਈ ਮੰਤਰੀ ਅਤੇ ਆਗੂ ਕਹਿ ਚੁੱਕੇ ਹਨ ਕਿ ਕਿਸਾਨ ਟਰੈਕਟਰ ਲੈ ਕੇ ਨਾ ਆਉਣ ਤਾਂ ਦਿੱਲੀ ਜਾ ਸਕਦੇ ਹਨ। ਉਪਰਾਸ਼ਟਰਪਤੀ ਵੀ ਕਹਿ ਰਹੇ ਹਨ ਕਿ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ ਪਰ ਉਹਨਾਂ ਨੂੰ ਪੈਦਲ ਵੀ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨ ਦਿੱਲੀ ਜਾਣ ਲਈ ਇਜਾਜ਼ਤ ਲੈਣ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਸੁਆਲ ਕੀਤਾ ਕਿ ਸਾਡੇ ਦੇਸ਼ ਵਿੱਚ ਆਪਣੀ ਰਾਜਧਾਨੀ ਵਿੱਚ ਜਾਣ ਲਈ ਕਿਸਾਨਾਂ ਨੂੰ ਮਨਜ਼ੂਰੀ ਲੈਣੀ ਕਦੋਂ ਤੋਂ ਜਰੂਰੀ ਹੋ ਗਈ ਹੈ? ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਲੋਕ ਦਿੱਲੀ ਜਾਂਦੇ ਹਨ ਅਤੇ ਵਾਪਸ ਆਉਂਦੇ ਹਨ। ਕੀ ਉਹ ਕੋਈ ਮਨਜ਼ੂਰੀ ਲੈਂਦੇ ਹਨ ? ਜਥੇਬੰਦੀ ਨੇ ਕਿਹਾ ਕਿ ਇਸ ਤੋਂ ਭਾਰਤੀ ਜਨਤਾ ਪਾਰਟੀ ਦਾ ਫਾਸ਼ੀਵਾਦੀ ਅਤੇ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਜਥੇਬੰਦੀ ਦੀ ਸੂਬਾ ਕਮੇਟੀ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਸਤੇ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ, ਉਹਨਾਂ ਤੇ ਜਬਰ ਕਰਨਾ ਬੰਦ ਕੀਤਾ ਜਾਵੇ ਅਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਸਮੇਤ ਬਾਕੀ ਮੰਗਾਂ ਮੰਨੀਆਂ ਜਾਣ।