- ਦਿੱਲੀ ਪੁੱਜੇ ਅਫਗਾਨੀ ਸਿੱਖਾਂ ਦੇ ਕਨੇਡਾ ਪ੍ਰਵਾਸ ਲਈ ਵੀ ਮੱਦਾਦ ਕਰਨ ਦੀ ਕੀਤੀ ਅਪੀਲ
ਦਿੱਲੀ, 24 ਨਵੰਬਰ : ਅਫ਼ਗ਼ਾਨਿਸਤਾਨ ਦੇ ਸਿੱਖਾਂ ਅਤੇ ਹਿੰਦੂਆਂ ਅਤੇ ਭਾਈਚਾਰੇ ਦੇ ਹੋਰ ਵਰਗਾਂ ਦੇ ਜੀਵਨ ਸੁਧਾਰ ਲਈ ਲਗਾਤਾਰ ਕੰਮ ਕਰ ਰਹੀ ਭੁੱਲਰ ਫਾਊਂਡੇਸ਼ਨ ਵੱਲੋਂ ਸਵਰਗੀ ਮਨਮੀਤ ਸਿੰਘ ਭੁੱਲਰ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਨਿਊ ਮਹਾਂਵੀਰ ਨਗਰ, ਦਿੱਲੀ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ੍ਰੀ ਸਹਿਜ ਪਾਠ ਅਤੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਅਫਗਾਨ ਸਿੱਖ ਸੰਗਤ ਨੇ ਅਮਰੀਕਾ ਨਿਵਾਸੀ ਬੇਦੀ ਫਾਊਂਡੇਸ਼ਨ ਦੇ ਮੋਹਰੀ ਅਤੇ ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਦੇ ਮੀਤ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਬੇਦੀ ਨੂੰ ਅਫਗਾਨ ਸਿੱਖਾਂ ਅਤੇ ਹਿੰਦੂ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਕੀਤੇ ਗਏ ਅਣਥੱਕ ਯਤਨਾਂ ਲਈ ਉਚੇਚੇ ਤੌਰ ਉੱਤੇ ਸਨਮਾਨਿਤ ਕੀਤਾ ਗਿਆ। ਇਸ ਮਾਮਲੇ ਸਬੰਧੀ ਜੀ.ਐਸ.ਸੀ. ਦੀ ਪ੍ਰਧਾਨ ਲੇਡੀ ਡਾ: ਕੰਵਲਜੀਤ ਕੌਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਪਰਮਜੀਤ ਸਿੰਘ ਬੇਦੀ ਨੇ ਇਸ ਸਬੰਧ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ ਜਿਸ ਕਰਕੇ ਜੀ.ਐਸ.ਸੀ. ਸਰਦਾਰ ਬੇਦੀ ਦੀ ਇਸ ਅਟੁੱਟ ਵਚਨਬੱਧਤਾ ਦੀ ਪ੍ਰਸ਼ੰਸਾ ਕਰਦੀ ਹੈ ਕਿਉਂਕਿ ਉਨ੍ਹਾਂ ਨੇ ਅਣਥੱਕ ਮਿਹਨਤ ਕਰਦਿਆਂ ਅਣਗਿਣਤ ਪ੍ਰਵਾਸੀ ਪਰਿਵਾਰਾਂ ਨੂੰ ਮਾਣ ਅਤੇ ਉਮੀਦ ਨਾਲ ਨਵੀਂ ਸ਼ੁਰੂਆਤ ਕਰਨ ਦੇ ਯੋਗ ਬਣਾਇਆ ਹੈ। ਉਨ੍ਹਾਂ ਨੇ ਦਿੱਲੀ ਪੁੱਜੇ ਅਫਗਾਨੀ ਸਿੱਖਾਂ ਦੇ ਕਨੇਡਾ ਪ੍ਰਵਾਸ ਲਈ ਵੀ ਸੰਗਤ ਨੂੰ ਮੱਦਾਦ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਪਰਮਜੀਤ ਸਿੰਘ ਬੇਦੀ ਨੇ ਦੱਸਿਆ ਕਿ ਉਨ੍ਹਾਂ ਨੇ ਅਫਗਾਨ ਸ਼ਰਨਾਰਥੀਆਂ ਨੂੰ ਆਪਣੀ ਪੁਨਰਵਾਸ ਯਾਤਰਾ ਦੌਰਾਨ ਲਗਨ ਅਤੇ ਇਮਾਨਦਾਰੀ ਦੇ ਉੱਚਤਮ ਸਿੱਖ ਆਦਰਸ਼ਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਹਿਯੋਗ ਅਤੇ ਸਖ਼ਤ ਮਿਹਨਤ ਦੀ ਭਾਵਨਾ ਤੇ ਸਿੱਖ ਮਰਿਆਦਾ ਨੂੰ ਕਾਇਮ ਰੱਖਣਾ ਉਨ੍ਹਾਂ ਦੇ ਨਿੱਤ ਕਰਮ ਦਾ ਹਿੱਸਾ ਹੋਣਾ ਚਾਹੀਦੀਆਂ ਹੈ। ਇਸ ਮੌਕੇ ਬੋਲਦਿਆਂ ਅਫਗਾਨ ਸਿੱਖ ਸੰਗਤ ਦੇ ਆਗੂਆਂ ਨੇ ਪਰਮਜੀਤ ਸਿੰਘ ਬੇਦੀ ਵੱਲੋਂ ਅਫਗਾਨ ਹਿੰਦੂ-ਸਿੱਖ ਸਮਾਜ ਲਈ ਦਿੱਤੀਆਂ ਅਣਥੱਕ ਸੇਵਾਵਾਂ ਅਤੇ ਮਾਨਵਤਾਵਾਦੀ ਕੋਸ਼ਿਸ਼ਾਂ ਵਿੱਚ ਉਨ੍ਹਾਂ ਦੇ ਸਹਿਯੋਗੀ ਯਤਨਾਂ ਦੀ ਭਰਵੀਂ ਸ਼ਲਾਘਾ ਕੀਤੀ। ਇਸ ਪ੍ਰੋਗਰਾਮ ਮੌਕੇ ਅਫਗਾਨ ਪ੍ਰੋਜੈਕਟ ਵਿੱਚ ਸ਼ਿੱਦਤ ਨਾਲ ਜੁੜੇ ਹੋਏ ਸਰਦਾਰ ਜਗਮੋਹਨ ਸਿੰਘ, ਸੰਪਾਦਕ ‘ਦ ਵਰਲਡ ਸਿੱਖ ਨਿਊਜ਼’ ਨੇ ਇਸ ਮੁੱਦੇ ‘ਤੇ ਇੱਕ ਭਾਵਪੂਰਤ ਅਪੀਲ ਕਰਦਿਆਂ ਅਫਗਾਨ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਉੱਤੇ ਚੱਲਦਿਆਂ ਮਿਸਾਲੀ ਨਾਗਰਿਕ ਬਣਨ ਅਤੇ ਨਵੇਂ ਭਾਈਚਾਰਿਆਂ ਵਿੱਚ ਵਸੇਬੇ ਦੌਰਾਨ ਸੱਚੀਆਂ ਕਦਰਾਂ-ਕੀਮਤਾਂ ਉੱਪਰ ਪਹਿਰਾ ਦਿੰਦਿਆਂ ਕੌਮ ਦੇ ਦੂਤ ਵਜੋਂ ਸੇਵਾ ਕਰਦੇ ਹੋਏ ਮਾਰਗਦਰਸ਼ਨ ਕਰਨ। ਜੀ.ਐਸ.ਸੀ. ਦੀ ਪ੍ਰਧਾਨ ਡਾ: ਕੰਵਲਜੀਤ ਕੌਰ ਨੇ ਅਫਗਾਨ ਸ਼ਰਨਾਰਥੀਆਂ ਨੂੰ ਕੈਨੇਡਾ ਵਿੱਚ ਤਬਦੀਲ ਕਰਨ ਦੇ ਯਤਨਾਂ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਭੁੱਲਰ ਫਾਊਂਡੇਸ਼ਨ, ਬੇਦੀ ਫਾਊਂਡੇਸ਼ਨ ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਦਰਿਆਦਿਲੀ ਅਤੇ ਯੋਗਦਾਨ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਦੀ ਸਫਲਤਾ ਸਾਡੇ ਭਾਈਚਾਰੇ ਦੀ ਏਕਤਾ ਅਤੇ ਹਮਦਰਦੀ ਦਾ ਪ੍ਰਮਾਣ ਹੈ ਜਿੰਨਾ ਨੇ ਇਕੱਠੇ ਮਿਲ ਕੇ ਉਸ ਹਮਦਰਦੀ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਹੈ। ਇਸ ਮੌਕੇ ਜੀ.ਐਸ.ਸੀ. ਦੇ ਜਨਰਲ ਸਕੱਤਰ ਹਰਸਰਨ ਸਿੰਘ ਨੇ ਕੌਮ ਦੀ ਵਿਆਪਕ ਏਕਤਾ ਅਤੇ ਮੱਦਾਦ ਦੀ ਮਹੱਤਤਾ ‘ਤੇ ਜ਼ੋਰ ਦਿੱਤਾ, ਖਾਸ ਕਰਕੇ ਉਨ੍ਹਾਂ ਰਫ਼ੂਜੀਆਂ ਲਈ ਜੋ ਹਾਲੇ ਵੀ ਦਿੱਲੀ ਅਤੇ ਕਾਬੁਲ ਵਿੱਚ ਹਨ। ਕੌਂਸਲ ਨੇ ਇਸ ਨੇਕ ਕਾਰਜ ਲਈ ਵਚਨਬੱਧਤਾ ਪ੍ਰਗਟਾਉਂਦੇ ਹੋਏ ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਇਸ ਚੱਲ ਰਹੇ ਮਿਸ਼ਨ ਦੀ ਸਫਲਤਾ ਵਿੱਚ ਯੋਗਦਾਨ ਪਾਇਆ ਹੈ।