ਲਖਨਊ, 06 ਮਾਰਚ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇੱਥੋਂ ਦੇ ਦਿਹਾਤੀ ਖੇਤਰ ਕਾਕੋਰੀ ਕਸਬੇ ਦੇ ਰਹਿਣ ਵਾਲੇ ਮੁਸ਼ੀਰ ਦੇ ਘਰ ਸ਼ਾਰਟ ਸਰਕਟ ਕਾਰਨ ਦੋ ਸਿਲੰਡਰ ਫਟ ਗਏ, ਜਿਸ ਵਿੱਚ ਤਿੰਨ ਲੜਕੀਆਂ ਅਤੇ ਇੱਕ ਔਰਤ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਪੁਲਸ ਮੁਤਾਬਕ ਮੰਗਲਵਾਰ ਰਾਤ ਕਾਕੋਰੀ ਦੇ ਹਜ਼ਰਤ ਸਾਹਿਬ ਇਲਾਕੇ 'ਚ ਇਕ ਦੋ ਮੰਜ਼ਿਲਾ ਇਮਾਰਤ 'ਚ ਅੱਗ ਲੱਗ ਗਈ। ਅੱਗ ਲੱਗਦੇ ਹੀ ਸਿਲੰਡਰ 'ਚ ਧਮਾਕਾ ਹੋ ਗਿਆ। ਹਾਦਸੇ 'ਚ ਪਤੀ-ਪਤਨੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਮਾਸੂਮ ਬੱਚੇ ਵੀ ਸ਼ਾਮਲ ਹਨ। ਪੁਲਸ ਬੁਲਾਰੇ ਨੇ ਦੱਸਿਆ ਕਿ ਮੁਸ਼ੀਰ ਅਲੀ (50) ਵਾਸੀ ਹਜ਼ਰਤ ਸਾਹਿਬ ਜ਼ਰਦੋਸੀ 'ਚ ਕੰਮ ਕਰਦਾ ਹੈ। ਮੰਗਲਵਾਰ ਰਾਤ ਕਰੀਬ 10.30 ਵਜੇ ਉਨ੍ਹਾਂ ਦੇ ਘਰ ਦੀ ਦੂਜੀ ਮੰਜ਼ਿਲ 'ਤੇ ਅੱਗ ਲੱਗ ਗਈ। ਅੱਗ ਲੱਗਣ ਦੇ ਕੁਝ ਮਿੰਟਾਂ ਬਾਅਦ ਹੀ ਸਿਲੰਡਰ 'ਚ ਜ਼ਬਰਦਸਤ ਧਮਾਕਾ ਹੋ ਗਿਆ, ਜਦੋਂ ਤੱਕ ਘਰ ਦੇ ਅੰਦਰ ਮੌਜੂਦ ਲੋਕ ਬਾਹਰ ਨਿਕਲਦੇ, ਅੱਗ ਪੂਰੇ ਘਰ 'ਚ ਫੈਲ ਗਈ। ਪੁਲਿਸ ਨੇ ਇਹ ਵੀ ਦੱਸਿਆ ਕਿ ਅੱਗ ਬੁਝਾਉਣ ਲਈ ਕੁੱਲ ਤਿੰਨ ਫਾਇਰ ਬ੍ਰਿਗੇਡ ਗੱਡੀਆਂ ਨੂੰ ਘਟਨਾ ਵਾਲੀ ਥਾਂ 'ਤੇ ਬੁਲਾਇਆ ਗਿਆ ਸੀ। ਇੱਥੇ ਫਾਇਰ ਕਰਮੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਅੱਗ 'ਚ ਪਰਿਵਾਰ ਦੇ 9 ਮੈਂਬਰ ਝੁਲਸ ਗਏ। ਅਧਿਕਾਰੀ ਮੁਤਾਬਕ ਇਨ੍ਹਾਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਮੁਸ਼ੀਰ (50 ਸਾਲ), ਉਸ ਦੀ ਪਤਨੀ ਹੁਸਨਾ ਬਾਨੋ (45), ਉਸ ਦੀ ਭਤੀਜੀ ਰਈਆ (5) ਅਤੇ ਭਤੀਜੀ ਹਿਬਾ (2) ਅਤੇ ਹੁਮਾ (3) ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਚਾਰ ਹੋਰ ਜ਼ਖ਼ਮੀਆਂ ਦਾ ਟਰਾਮਾ ਸੈਂਟਰ ਵਿੱਚ ਇਲਾਜ ਚੱਲ ਰਿਹਾ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਨ੍ਹਾਂ ਵਿੱਚ ਈਸ਼ਾ (17), ਲਕਾਬ (21), ਅਮਜਦ (34) ਅਤੇ ਅਨਮ (18) ਸ਼ਾਮਲ ਹਨ।