ਭੋਪਾਲ, 27 ਜਨਵਰੀ : ਮੱਧ ਪ੍ਰਦੇਸ਼ ‘ਚ ਸ਼ਾਹਡੋਲ ਜ਼ਿਲੇ ਦੇ ਸੋਹਾਗਪੁਰ ਈਸਟਰਨ ਕੋਲਡ ਫੀਲਡ ਲਿਮਟਿਡ (ਐੱਸ.ਈ.ਸੀ.ਐੱਲ.) ਖੇਤਰ ਦੇ ਅਧੀਨ ਬੰਦ ਧਨਪੁਰੀ ਭੂਮੀਗਤ ਖਾਨ (ਧਨਪੁਰੀ ਯੂਜੀ ਮਾਈਨਜ਼) ਦੇ ਅੰਦਰ ਕੋਲਾ ਅਤੇ ਕਬਾੜ ਚੋਰੀ ਕਰਨ ਦੇ ਇਰਾਦੇ ਨਾਲ ਦਾਖਲ ਹੋਏ ਚਾਰ ਨੌਜਵਾਨਾਂ ਦੀ ਖਾਨ ਦੇ ਅੰਦਰ ਹੀ ਮੌਤ ਹੋ ਗਈ। ਇਹ ਹਾਦਸਾ ਸ਼ਾਇਦ ਖਾਨ ਦੀ ਜ਼ਹਿਰੀਲੀ ਗੈਸ ਕਾਰਨ ਅੰਦਰ ਗਏ ਨੌਜਵਾਨਾਂ ਦਾ ਦਮ ਘੁੱਟਣ ਕਾਰਨ ਵਾਪਰਿਆ ਹੈ।ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ, ਜਿਸ ਤੋਂ ਬਾਅਦ ਵੀਰਵਾਰ ਦੇਰ ਰਾਤ ਤੋਂ ਅੱਜ ਸ਼ੁੱਕਰਵਾਰ ਸਵੇਰ ਤੱਕ ਪੁਲਸ ਅਤੇ ਬਚਾਅ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ। ਮ੍ਰਿਤਕਾਂ ਦੀ ਪਛਾਣ ਹਜ਼ਾਰੀ ਕੋਲ (30) ਪਿਤਾ ਕਾਲੂ ਕੋਲ ਵਾਸੀ ਦਫਈ ਨੰਬਰ 4, ਕਪਿਲ ਬਿਸਕਰਮ (21) ਪਿਤਾ ਸੁਖਰਾਮ ਵਾਸੀ ਵਾਰਡ 19, ਰਾਜ ਮਹਿਤੋ (20) ਪਿਤਾ ਗਣੇਸ਼ ਮਹਿਤੋ ਵਾਸੀ ਵਾਰਡ 16 ਅਤੇ ਰਾਹੁਲ ਕੋਲ (23) ਪਿਤਾ ਹੀਰਾਲਾਲ ਨਿਵਾਸੀ ਵਾਰਡ 16 ਵਜੋਂ ਹੋਈ ਹੈ। ਮ੍ਰਿਤਕ ਧਨਪੁਰੀ ਥਾਣਾ ਖੇਤਰ ਦੇ ਰਹਿਣ ਵਾਲੇ ਸਨ। ਹਾਦਸੇ ਤੋਂ ਬਾਅਦ ਲਾਸ਼ਾਂ ਨੂੰ ਮੈਡੀਕਲ ਕਾਲਜ ਸ਼ਾਹਡੋਲ ਭੇਜ ਦਿੱਤਾ ਗਿਆ।ਦੱਸਣਯੋਗ ਕਿ ਕਰੀਬ ਛੇ ਸਾਲ ਪਹਿਲਾਂ ਕੋਲੇ ਦੇ ਉਤਪਾਦਨ ਤੋਂ ਬਾਅਦ ਯੂਜੀ ਖਾਨ ਨੂੰ ਬੰਦ ਕਰ ਦਿੱਤਾ ਗਿਆ ਸੀ। ਇੱਥੇ ਵੀਰਵਾਰ ਰਾਤ ਨੂੰ ਬੰਕਰ ਨੇੜੇ ਖਾਨ ਦੀ ਕੰਧ ਵਿੱਚ ਰਸਤਾ ਬਣਾ ਕੇ ਚਾਰੇ ਮ੍ਰਿਤਕ ਨੌਜਵਾਨ ਕੋਲਾ ਅਤੇ ਕਬਾੜ ਚੋਰੀ ਕਰਨ ਦੀ ਨੀਅਤ ਨਾਲ ਅੰਦਰ ਦਾਖਲ ਹੋਏ। ਜਦੋਂ ਕਿ ਉਨ੍ਹਾਂ ਦਾ ਇੱਕ ਸਾਥੀ ਬਾਹਰ ਖੜ੍ਹਾ ਹੋ ਕੇ ਚੌਕਸੀ ਕਰ ਰਿਹਾ ਸੀ। ਜਦੋਂ ਕਾਫੀ ਸਮਾਂ ਬੀਤ ਜਾਣ 'ਤੇ ਵੀ ਚਾਰੇ ਨੌਜਵਾਨ ਬਾਹਰ ਨਹੀਂ ਆਏ ਅਤੇ ਉਸ ਨੂੰ ਕਿਸੇ ਅਣਸੁਖਾਵੀਂ ਘਟਨਾ ਦਾ ਡਰ ਲੱਗਾ ਤਾਂ ਇਸ ਦੀ ਸੂਚਨਾ ਪੁਲਸ ਨੂੰ ਮਿਲੀ।