ਆਗਰਾ, 28 ਦਸੰਬਰ : ਯੂ.ਪੀ. ਦੇ ਮਊ ’ਚ ਚੁੱਲ੍ਹੇ ’ਚੋਂ ਨਿਕਲੀ ਚੰਗਿਆੜੀ ਕਾਰਨ ਘਰ ਨੂੰ ਲੱਗੀ ਅੱਗ ਕਾਰਨ ਮਾਂ ਸਮੇਤ ਚਾਰ ਬੱਚਿਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਦਰਦਨਾਕ ਹਾਦਸੇ ’ਚ ਮਰਨ ਵਾਲੇ ਬੱਚਿਆਂ ਦੀ ਉਮਰ 14 ਸਾਲ, 12 ਸਾਲ, 10 ਸਾਲ ਅਤੇ 6 ਸਾਲ ਹੈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ਦੇ ਕੋਪਗੰਜ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਸ਼ਾਹਪੁਰ ਵਿੱਚ ਮੰਗਲਵਾਰ ਰਾਤ ਵਾਪਰੀ, ਚੰਗਿਆੜੀ ਕਾਰਨ ਝੌਪੜੀ ਨੂੰ ਲੱਗੀ ਅੱਗ ਨੇ ਐਨੀ ਜਲਦੀ ਵਿਸ਼ਾਲ ਰੂਪ ਧਾਰਨ ਕਰ ਲਿਆ ਕਿ ਘਰ ’ਚ ਮੌਜ਼ੂਦ ਮਾਂ ਅਤੇ ਚਾਰ ਬੱਚਿਆਂ ਦੀ ਅੱਗ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਘਰ ਨੂੰ ਲੱਗੀ ਅੱਗ ਕਾਰਨ ਇੱਕੋ ਪਰਿਵਾਰ ਦੇ ਮਰੇ ਪੰਜ ਮੈਂਬਰਾਂ ਦੀ ਹੋਈ ਮੌਤ ਕਾਰਨ ਪੂਰੇ ਪਿੰਡ ਵਿੱਚ ਸੋਗ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਆਈਜੀ, ਡੀਐਮ, ਐਸਪੀ, ਐਸਡੀਐਮ, ਸਿਹਤ ਵਿਭਾਗ ਦੀ ਟੀਮ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਕੇ ’ਤੇ ਪਹੁੰਚ ਗਈ। ਇਧਰ ਜਦੋਂ ਤੱਕ ਫਾਇਰ ਬਿ੍ਗੇਡ ਦੀ ਗੱਡੀ ਪਿੰਡ ਪਹੁੰਚੀ, ਉਦੋਂ ਤੱਕ ਘਰ ਅੰਦਰ ਮੌਜੂਦ ਸਾਰੇ ਲੋਕ ਸੜ ਚੁੱਕੇ ਸਨ| ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸਾਰੀਆਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ। ਘਟਨਾ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਨੇ ਬ੍ਰਹਮ ਡਿਜ਼ਾਸਟਰ ਫੰਡ ਵਿੱਚੋਂ ਮ੍ਰਿਤਕਾਂ ਨੂੰ ਚਾਰ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਘਟਨਾ ਵਿੱਚ ਝੁੱਗੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਬੱਚਿਆਂ ਦਾ ਪਿਤਾ ਅਤੇ ਮ੍ਰਿਤਕ ਔਰਤ ਦਾ ਪਤੀ ਰਾਮਾ ਸ਼ੰਕਰ ਰਾਜਭਰ ਬਾਹਰ ਰਹਿੰਦਾ ਹੈ। ਇਹ ਘਟਨਾ ਮੌ ਜ਼ਿਲੇ ਦੇ ਕੋਪਗੰਜ ਥਾਣਾ ਖੇਤਰ ਦੇ ਸ਼ਾਹਪੁਰ ਪਿੰਡ ਦੀ ਹੈ।