ਸਿਆਚਿਨ, 19 ਜੁਲਾਈ : ਸਿਆਚਿਨ ਗਲੇਸ਼ੀਅਰ ਵਿਚ ਅੱਜ ਸਵੇਰੇ ਲਗਭਗ 3 ਵਜੇ ਭਾਰਤੀ ਫੌਜ ਦੇ ਕਈ ਟੈਂਟਾਂ ਵਿਚ ਅੱਗ ਲੱਗ ਗਈ। ਹਾਦਸੇ ਵਿਚ ਰੈਜੀਮੈਂਟਲ ਮੈਡੀਕਲ ਅਫਸਰ ਕੈਪਟਨ ਅੰਸ਼ੁਮਾਨ ਸਿੰਘ ਸ਼ਹੀਦ ਹੋ ਗਏ ਜਦੋਂ ਕਿ ਤਿੰਨ ਜਵਾਨ ਜ਼ਖਮੀ ਹੋ ਗਏ। ਉਨ੍ਹਾਂ ਨੂੰ ਏਅਰਲਿਫਟ ਕਰਕੇ ਇਲਾਜ ਲਈ ਚੰਡੀਗੜ੍ਹ ਲਿਜਾਇਆ ਗਿਆ। ਡਿਫੈਂਸ ਪੀਆਰਓ ਨੇ ਦੱਸਿਆ ਕਿ ਤਿੰਨੋਂ ਜਵਾਨ ਸੈਕੰਡ ਡਿਗਰੀ ਤੱਕ ਬਰਨ ਹੋਏ ਹਨ। ਉਨ੍ਹਾਂ ਦੀ ਹਾਲਤ ਸਥਿਰ ਹੈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਸਾਲਟੋਰੋ ਰੀਜਨ ਵਿਚ ਹੋਇਆ। ਗੋਲਾ ਬਾਰੂਦ ਬੰਕਰ ਵਿਚ ਸ਼ਾਰਟ ਸਰਕਟ ਦੇ ਚੱਲਦੇ ਅੱਗ ਲੱਗੀ ਜਿਸ ਨੇ ਆਸ-ਪਾਸ ਦੇ ਕਈ ਟੈਂਟਾਂ ਦੀ ਚਪੇਟ ਵਿਚ ਲੈ ਲਿਆ। ਅਜੇ ਜ਼ਖਮੀ ਜਵਾਨਾਂ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਾਲ 2011 ਵਿਚ ਵੀ ਸਿਆਚਿਨ ਇਲਾਕੇ ਵਿਚ ਅਸ਼ੋਕ ਪੋਸਟ ‘ਤੇ ਫੌਜ ਦੇ ਬੰਕਰ ਵਿਚ ਅੱਗ ਲੱਗਣ ਨਾਲ ਮੇਜਰ ਜੀ ਐੱਸ ਚੀਮਾ ਤੇ ਲੈਫਟੀਨੈਂਟ ਅਰਚਿਤ ਵਰਦੀਆ ਸ਼ਹੀਦ ਹੋ ਗਏ ਸਨ। ਹਾਦਸੇ ਵਿਚ 4 ਜਵਾਨ ਜ਼ਖਮੀ ਹੋਏ ਸਨ।