ਬੀਜਾਪੁਰ, 27 ਮਾਰਚ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਮੁਕਾਬਲੇ ਵਿਚ 6 ਨਕਸਲੀ ਮਾਰੇ ਗਏ। ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ ਬੀਜਾਪੁਰ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ। ਜਾਣਕਾਰੀ ਦਿੰਦਿਆਂ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਕਰਮੀਆਂ ਨਾਲ ਹੋਏ ਮੁਕਾਬਲੇ 'ਚ ਇਕ ਔਰਤ ਸਮੇਤ 6 ਨਕਸਲੀ ਮਾਰੇ ਗਏ ਹਨ। ਜਾਣਕਾਰੀ ਮੁਤਾਬਿਕ ਬੀਜਾਪੁਰ ਜ਼ਿਲ੍ਹੇ ਦੇ ਚਿਕੁਰਭੱਟੀ ਅਤੇ ਪੁਸਬਕਾ ਨੇੜੇ ਜੰਗਲੀ ਖੇਤਰ 'ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁੱਠਭੇੜ ਹੋਈ। ਬਸਤਰ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ ਸੁੰਦਰਰਾਜ ਪੀ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਸੁਰੱਖਿਆ ਕਰਮੀਆਂ ਦੀ ਇਕ ਸਾਂਝੀ ਟੀਮ ਨਕਸਲ ਵਿਰੋਧੀ ਮੁਹਿੰਮ ਲਈ ਨਿਕਲੀ ਸੀ। ਇਹ ਮੁਕਾਬਲਾ ਬਾਸਾਗੁਡਾ ਥਾਣਾ ਖੇਤਰ ਅਧੀਨ ਪੈਂਦੇ ਚਿਕੁਰਭੱਟੀ ਅਤੇ ਪੁਸਬਕਾ ਪਿੰਡਾਂ ਦੇ ਜੰਗਲਾਂ ਵਿਚ ਹੋਇਆ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਵਿਚ ਡੀਆਰਜੀ, ਸੀਆਰਪੀਐਫ 229, ਕੋਬਰਾ ਟੀਮਾਂ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੁਕਾਬਲਾ ਖਤਮ ਹੋਣ ਤੋਂ ਬਾਅਦ ਮੌਕੇ ਤੋਂ ਇਕ ਔਰਤ ਸਮੇਤ ਛੇ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਫਿਲਹਾਲ ਮੌਕੇ 'ਤੇ ਤਲਾਸ਼ੀ ਮੁਹਿੰਮ ਜਾਰੀ ਹੈ। ਜ਼ਿਕਰਯੋਗ ਹੈ ਕਿ ਤਿੰਨ ਪਿੰਡ ਵਾਸੀਆਂ ਦੀ ਹੱਤਿਆ ਤੋਂ ਬਾਅਦ ਸੁਰੱਖਿਆ ਬਲਾਂ ਦੀ ਟੀਮ ਇਲਾਕੇ 'ਚ ਤਲਾਸ਼ੀ ਮੁਹਿੰਮ 'ਤੇ ਗਈ ਸੀ। ਇਸ ਦੌਰਾਨ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁੱਠਭੇੜ ਹੋਈ। ਜ਼ਿਕਰਯੋਗ ਹੈ ਕਿ ਬੀਜਾਪੁਰ ਜ਼ਿਲ੍ਹਾ ਬਸਤਰ ਲੋਕ ਸਭਾ ਹਲਕੇ ਵਿਚ ਆਉਂਦਾ ਹੈ। ਇੱਥੇ ਪਹਿਲੇ ਪੜਾਅ ਵਿਚ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ।