ਨਵੀਂ ਦਿੱਲੀ, 9 ਮਾਰਚ : ਚੋਣ ਕਮਿਸ਼ਨਰ ਅਰੁਣ ਗੋਇਲ ਦੇ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਕਾਨੂੰਨ ਅਤੇ ਨਿਆਂ ਮੰਤਰਾਲਾ ਤੋਂ ਮਿਲੀ ਜਾਣਕਾਰੀ ਮੁਤਾਬਿਕ, ਰਾਸ਼ਟਰਪਤੀ ਨੇ ਗੋਇਲ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਲੋਕ ਸਭਾ ਚੋਣਾਂ 2024 ਦੇ ਐਲਾਨ ਤੋਂ ਪਹਿਲਾਂ ਹੀ ਚੋਣ ਕਮਿਸ਼ਨ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਚੋਣ ਕਮਿਸ਼ਨਰ ਅਰੁਣ ਗੋਇਲ ਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਗੋਇਲ ਦਾ ਅਸਤੀਫਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਸਵੀਕਾਰ ਕਰ ਲਿਆ ਹੈ। ਚੋਣ ਕਮਿਸ਼ਨਰ ਅਰੁਣ ਗੋਇਲ ਦੇ ਅਸਤੀਫੇ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਵਿੱਚ ਚੋਣ ਕਮਿਸ਼ਨਰ ਦੇ ਦੋਵੇਂ ਅਹੁਦੇ ਖਾਲੀ ਹੋ ਗਏ ਹਨ। ਇਕ ਚੋਣ ਕਮਿਸ਼ਨਰ ਦਾ ਅਹੁਦਾ ਪਹਿਲਾਂ ਹੀ ਖਾਲੀ ਸੀ। ਹੁਣ ਸਿਰਫ਼ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਹੀ ਬਚੇ ਹਨ। ਅਰੁਣ ਗੋਇਲ ਨੇ ਮੁੱਖ ਚੋਣ ਕਮਿਸ਼ਨਰ ਨਾਲ ਚੋਣ ਤਿਆਰੀਆਂ ਲਈ ਕਈ ਰਾਜਾਂ ਦੇ ਦੌਰੇ ਕੀਤੇ। ਹੁਣ ਉਨ੍ਹਾਂ ਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਕਾਰਜਕਾਲ 2027 ਤੱਕ ਸੀ। ਅਰੁਣ ਗੋਇਲ 1985 ਬੈਚ ਦੇ ਆਈਏਐਸ ਅਧਿਕਾਰੀ ਰਹਿ ਚੁੱਕੇ ਹਨ। ਉਨ੍ਹਾਂ ਨੇ 18 ਨਵੰਬਰ, 2022 ਨੂੰ ਸਵੈ-ਇੱਛਤ ਸੇਵਾਮੁਕਤੀ ਲੈ ਲਈ ਅਤੇ ਅਗਲੇ ਹੀ ਦਿਨ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਨਿਯੁਕਤੀ ਵਿਵਾਦਪੂਰਨ ਸੀ ਅਤੇ ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸਰਕਾਰ ਤੋਂ ਪੁੱਛਿਆ ਸੀ ਕਿ 'ਵੀਆਰਐਸ ਲੈਣ ਦੇ ਅਗਲੇ ਹੀ ਦਿਨ ਅਰੁਣ ਗੋਇਲ ਨੂੰ ਚੋਣ ਕਮਿਸ਼ਨਰ ਦੇ ਅਹੁਦੇ 'ਤੇ ਨਿਯੁਕਤ ਕਰਨ ਦੀ ਕਾਹਲੀ ਕਾਹਦੀ ਸੀ।' ਅਦਾਲਤ ਨੇ ਸਰਕਾਰ ਨੂੰ ਕਿਹਾ ਸੀ, 'ਕਾਨੂੰਨ ਮੰਤਰੀ ਨੇ ਸ਼ਾਰਟਲਿਸਟ ਕੀਤੇ ਨਾਵਾਂ ਦੀ ਸੂਚੀ 'ਚੋਂ ਚਾਰ ਨਾਵਾਂ ਦੀ ਚੋਣ ਕੀਤੀ, ਫਾਈਲ ਨੂੰ 18 ਨਵੰਬਰ ਨੂੰ ਵਿਚਾਰ ਲਈ ਰੱਖਿਆ ਗਿਆ ਸੀ ਅਤੇ ਉਸੇ ਦਿਨ ਅੱਗੇ ਲਿਜਾਇਆ ਗਿਆ ਸੀ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨੇ ਵੀ ਉਸੇ ਦਿਨ ਨਾਮ ਦੀ ਸਿਫ਼ਾਰਸ਼ ਕੀਤੀ ਸੀ। ਅਸੀਂ ਕੋਈ ਟਕਰਾਅ ਨਹੀਂ ਚਾਹੁੰਦੇ ਪਰ ਇਹ ਸਭ ਬਹੁਤ ਜਲਦਬਾਜ਼ੀ ਵਿੱਚ ਕੀਤਾ ਗਿਆ। ਆਖ਼ਰ ਇੰਨੀ ਜਲਦੀ ਕਿਹੜੀ ਗੱਲ ਦੀ ਸੀ ?