ਪਾਕਿਸਤਾਨ : ਚੋਣ ਕਮਿਸ਼ਨ ਪਾਕਿਸਤਾਨ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪੰਜ ਸਾਲ ਲਈ ਅਯੋਗ ਐਲਾਨ ਦਿੱਤਾ ਹੈ। ਇਮਰਾਨ ਖਾਨ ‘ਤੇ ਤੋਸ਼ਾਖਾਨਾ ਮਾਮਲੇ ਵਿਚ ਸਰਕਾਰੀ ਤੋਹਫਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵੇਚਣ ਦੇ ਦੋਸ਼ ਲੱਗੇ ਹਨ। ਇਹ ਐਲਾਨ ਕੀਤਾ ਕਿ ਇਮਰਾਨ ਖਾਨ ਹੁਣ ਸੰਸਦ ਦੇ ਮੈਂਬਰ ਨਹੀਂ ਹਨ। ਉਨ੍ਹਾਂ ਖਿਲਾਫ ਭ੍ਰਿਸ਼ਟ ਆਚਰਣ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਦੀ ਪ੍ਰਧਾਨਗੀ ਵਾਲੀ ਚਾਰ ਮੈਂਬਰੀ ਬੈਂਚ ਨੇ ਇਸਲਾਮਾਬਾਦ ਵਿਚ ਈਸੀਪੀ ਸਕੱਤਰੇਤ ਵਿਚ ਫੈਸਲੇ ਦਾ ਐਲਾਨ ਕੀਤਾ। ਇਹ ਫੈਸਲਾ 5 ਮੈਂਬਰੀ ਬੈਂਚ ਨੇ ਸਰਬ ਸੰਮਤੀ ਨਾਲ ਲਿਆ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪੀਟੀਆਈ ਦੇ ਚੀਫ ਇਮਰਾਨ ਖਾਨ ‘ਤੇ ਦੋਸ਼ ਲੱਗਾ ਸੀ ਕਿ ਉਨ੍ਹਾਂ ਨੇ ਸੱਤਾ ਵਿਚ ਰਹਿੰਦੇ ਹੋਏ ਵਿਦੇਸ਼ੀ ਨੇਤਾਵਾਂ ਤੋਂ ਪ੍ਰਾਪਤੀ ਤੋਹਫਿਆਂ ਬਾਰੇ ਅਧਿਕਾਰੀਆਂ ਨੂੰ ਗੁੰਮਰਾਹ ਕੀਤਾ। ਅਗਸਤ ਵਿਚ ਗਠਜੋੜ ਸਰਕਾਰ ਨੇ ਇਮਰਾਨ ਖਾਨ ਖਿਲਾਫ ਤੋਸ਼ਾਖਾਨਾ ਤੋਹਫਿਆਂ ਤੇ ਉਨ੍ਹਾਂ ਦੀ ਕਥਿਤ ਵਿਕਰੀ ਤੋਂ ਪ੍ਰਾਪਤ ਆਮਦਨ ਦੇ ਵੇਰਵੇ ਸਾਂਝਾ ਨਾ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ। ਸੱਤਾਧਾਰੀ ਗੱਠਜੋੜ, ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦੇ ਸੰਸਦ ਮੈਂਬਰਾਂ ਨੇ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਰਾਜਾ ਪਰਵੇਜ਼ ਅਸ਼ਰਫ ਨੂੰ ਸ਼ਿਕਾਇਤ ਕੀਤੀ ਸੀ। ਜਿਸ ਨੇ ਬਾਅਦ ਵਿਚ ਇਸ ਨੂੰ ਅਗਲੇਰੀ ਕਾਰਵਾਈ ਲਈ ਮੁੱਖ ਚੋਣ ਕਮਿਸ਼ਨਰ (ਸੀ. ਈ. ਸੀ.) ਸਿਕੰਦਰ ਸੁਲਤਾਨ ਰਾਜਾ ਕੋਲ ਭੇਜ ਦਿੱਤਾ। ਇਸ ਦੇ ਨਾਲ ਹੀ, ਫੈਸਲਾ ਸੁਣਾਏ ਜਾਣ ਦੇ ਤੁਰੰਤ ਬਾਅਦ, ਪੀਟੀਆਈ ਨੇਤਾ ਫਵਾਦ ਚੌਧਰੀ ਨੇ ਜਨਤਾ ਨੂੰ ਘਰਾਂ ਤੋਂ ਬਾਹਰ ਆਉਣ ਲਈ ਕਿਹਾ। ਉਹ ਚੋਣ ਕਮਿਸ਼ਨ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।ਤੋਸ਼ਾਖਾਨਾ, 1974 ਵਿੱਚ ਸਥਾਪਿਤ, ਕੈਬਨਿਟ ਡਿਵੀਜ਼ਨ ਦੇ ਪ੍ਰਬੰਧਕੀ ਨਿਯੰਤਰਣ ਅਧੀਨ ਇੱਕ ਵਿਭਾਗ ਹੈ। ਸ਼ਾਸਕਾਂ, ਸੰਸਦ ਮੈਂਬਰਾਂ, ਨੌਕਰਸ਼ਾਹਾਂ ਅਤੇ ਹੋਰ ਸਰਕਾਰਾਂ ਦੇ ਅਧਿਕਾਰੀਆਂ ਅਤੇ ਰਾਜਾਂ ਦੇ ਮੁਖੀਆਂ ਅਤੇ ਵਿਦੇਸ਼ੀ ਪਤਵੰਤਿਆਂ ਦੁਆਰਾ ਪ੍ਰਾਪਤ ਕੀਮਤੀ ਤੋਹਫ਼ੇ ਇੱਥੇ ਰੱਖੇ ਜਾਂਦੇ ਹਨ। ਤੋਸ਼ਾਖਾਨਾ ਨਿਯਮਾਂ ਅਨੁਸਾਰ, ਜਿਨ੍ਹਾਂ ਵਿਅਕਤੀਆਂ ‘ਤੇ ਇਹ ਨਿਯਮ ਲਾਗੂ ਹੁੰਦੇ ਹਨ, ਉਨ੍ਹਾਂ ਨੂੰ ਤੋਹਫ਼ਿਆਂ ਦੀ ਪ੍ਰਾਪਤੀ ਅਤੇ ਅਜਿਹੀ ਹੋਰ ਸਮੱਗਰੀ ਬਾਰੇ ਕੈਬਨਿਟ ਡਿਵੀਜ਼ਨ ਨੂੰ ਸੂਚਿਤ ਕਰਨ ਦੀ ਲੋੜ ਹੁੰਦੀ ਹੈ। 8 ਸਤੰਬਰ ਨੂੰ ਈਸੀਪੀ ਨੂੰ ਸੌਂਪੇ ਇੱਕ ਲਿਖਤੀ ਜਵਾਬ ਵਿੱਚ, ਇਮਰਾਨ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਪ੍ਰਾਪਤ ਹੋਏ ਘੱਟੋ-ਘੱਟ ਚਾਰ ਤੋਹਫ਼ੇ ਵੇਚਣ ਦੀ ਗੱਲ ਸਵੀਕਾਰ ਕੀਤੀ।