ਨਵੀਂ ਦਿੱਲੀ, 16 ਮਾਰਚ : ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ। ਚੋਣ ਕਮਿਸ਼ਨ ਨੇ ਦੇਸ਼ ਦੀਆਂ ਸਾਰੀਆਂ 543 ਸੀਟਾਂ ‘ਤੇ ਵੋਟਿੰਗ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।ਲੋਕ ਸਭਾ ਚੋਣਾਂ ਦੇ ਨਾਲ-ਨਾਲ 4 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਅਰੁਣਾਚਲ ਪ੍ਰਦੇਸ਼, ਓਡੀਸ਼ਾ, ਆਂਧਰਾ ਪ੍ਰਦੇਸ਼ ਤੇ ਸਿੱਕਮ ਵਿਚ ਚੋਣ ਦੀ ਤਰੀਕ ਸਾਹਮਣੇ ਆ ਚੁੱਕੀ ਹੈ। ਚੋਣ ਕਮਿਸ਼ਨ ਦੇ ਸ਼ੈਡਿਊਲ ਮੁਤਾਬਕ ਸਾਰੇ ਸੂਬਿਆਂ ਦੇ ਨਤੀਜੇ ਇਕੱਠੇ ਜਾਰੀ ਕੀਤੇ ਜਾਣਗੇ। ਓਡੀਸ਼ਾ ਵਿੱਚ ਚਾਰ ਪੜਾਵਾਂ ਵਿਚ ਚੋਣਾਂ ਹੋਣਗੀਆਂ। ਪਹਿਲਾਂ ਪੜਾਅ 13 ਮਈ, ਦੂਜਾ ਪੜਾਅ 20 ਮਈ, ਤੀਜਾ ਪੜਾਅ 25 ਮਈ ਤੇ ਚੌਥਾ ਪੜਾਅ 1 ਜੂਨ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਆਂਧਰਾ ਪ੍ਰਦੇਸ਼ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਵੀ ਚੌਥੇ ਪੜਾਅ ਵਿਚ ਹੋਵੇਗੀ। 175 ਸੀਟਾਂ ‘ਤੇ ਵੋਟਿੰਗ 13 ਮਈ ਨੂੰ ਹੋਵੇਗੀ ਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ। ਸਿੱਕਮ ਦੀਆਂ ਵਿਧਾਨਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇਕ ਹੀ ਪੜਾਅ ਵਿਚ 19 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਅਰੁਣਾਚਲ ਪ੍ਰਦੇਸ਼ ਵਿੱਚ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਉਨ੍ਹਾਂ ਕਿਹਾ ਮੈਂ ਪਾਰਟੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਨਿੱਜੀ ਹਮਲਿਆਂ ਅਤੇ ਨਫ਼ਰਤ ਭਰੇ ਭਾਸ਼ਣਾਂ ਤੋਂ ਪਰਹੇਜ਼ ਕਰਨ। ਭਾਸ਼ਣ ’ਚ ਕਿਹੜੀਆਂ ਸੀਮਾਵਾਂ ਰੱਖਣੀਆਂ ਹਨ, ਇਹ ਪਰਿਭਾਸ਼ਿਤ ਕੀਤਾ ਗਿਆ ਹੈ। ਸਾਨੂੰ ਅਪਣੀ ਦੁਸ਼ਮਣੀ ’ਚ ਸੀਮਾਵਾਂ ਨੂੰ ਪਾਰ ਨਹੀਂ ਕਰਨਾ ਚਾਹੀਦਾ। ਅਸੀਂ ਸਿਆਸੀ ਪਾਰਟੀਆਂ ਨੂੰ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ’ਚ ਉਨ੍ਹਾਂ ਨੂੰ ਇਕ ਸਿਆਸੀ ਵਿਚਾਰ ਵਟਾਂਦਰੇ ਨੂੰ ਉਤਸ਼ਾਹਤ ਕਰਨ ਲਈ ਉਤਸ਼ਾਹਤ ਕੀਤਾ ਗਿਆ ਹੈ ਜੋ ਵੰਡਣ ਦੀ ਬਜਾਏ ਪ੍ਰੇਰਿਤ ਕਰਦਾ ਹੈ।’’ਪਿਛਲੀਆਂ ਚੋਣਾਂ ’ਚ ਆਦਰਸ਼ ਜ਼ਾਬਤੇ ਦੀ ਉਲੰਘਣਾ ਨਾਲ ਨਜਿੱਠਣ ’ਚ ਪੱਖਪਾਤ ਦੇ ਦੋਸ਼ਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਜੇਕਰ ਕਿਸੇ ਵਿਰੁਧ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ, ਭਾਵੇਂ ਕੋਈ ਉੱਘੇ ਸਿਆਸਤਦਾਨ ਹੀ ਕਿਉਂ ਨਾ ਹੋਵੇ, ਅਸੀਂ ਚੁੱਪ ਨਹੀਂ ਬੈਠਾਂਗੇ। ਅਸੀਂ ਕਾਰਵਾਈ ਕਰਾਂਗੇ। ਪਹਿਲਾਂ ਅਸੀਂ ਨਿੰਦਾ ਕਰਦੇ ਸੀ ਪਰ ਹੁਣ ਅਸੀਂ ਕਾਰਵਾਈ ਕਰਾਂਗੇ। ਆਦਰਸ਼ ਚੋਣ ਜ਼ਾਬਤੇ ਦਾ ਉਦੇਸ਼ ਚੋਣ ਮੁਹਿੰਮ, ਵੋਟਿੰਗ ਅਤੇ ਗਿਣਤੀ ਪ੍ਰਕਿਰਿਆ ਨੂੰ ਵਿਵਸਥਿਤ, ਸਾਫ ਅਤੇ ਸ਼ਾਂਤੀਪੂਰਨ ਰਖਣਾ ਅਤੇ ਸੱਤਾਧਾਰੀ ਪਾਰਟੀ ਵਲੋਂ ਸਰਕਾਰੀ ਮਸ਼ੀਨਰੀ ਅਤੇ ਵਿੱਤ ਦੀ ਕਿਸੇ ਵੀ ਦੁਰਵਰਤੋਂ ਨੂੰ ਰੋਕਣਾ ਹੈ। ਚੋਣ ਕਮਿਸ਼ਨ ਨੂੰ ਆਦਰਸ਼ ਚੋਣ ਜ਼ਾਬਤੇ ਦੀ ਕਿਸੇ ਵੀ ਉਲੰਘਣਾ ਦੀ ਜਾਂਚ ਕਰਨ ਅਤੇ ਸਜ਼ਾ ਸਮੇਤ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ। 18ਵੀਂ ਲੋਕ ਸਭਾ ਦੇ ਗਠਨ ਲਈ ਚੋਣ ਪ੍ਰੋਗਰਾਮ ਦੇ ਐਲਾਨ ਨਾਲ ਦੇਸ਼ ਵਿੱਚ ਤੁਰੰਤ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਕੋਈ ਵੀ ਨੀਤੀਗਤ ਫੈਸਲਾ ਨਹੀਂ ਲੈ ਸਕੇਗੀ ਜੋ ਵੋਟਰਾਂ ਦੇ ਫੈਸਲੇ ਨੂੰ ਪ੍ਰਭਾਵਿਤ ਕਰ ਸਕੇ। ਕੁਮਾਰ ਨੇ ਕਿਹਾ ਕਿ ਲੋਕ ਸਭਾ ਚੋਣਾਂ 2024 ਲਈ ਕੁੱਲ 97 ਕਰੋੜ ਰਜਿਸਟਰਡ ਵੋਟਰ ਹਨ। ਇਨ੍ਹਾਂ ਵਿੱਚ 49.7 ਕਰੋੜ ਪੁਰਸ਼, 47.1 ਕਰੋੜ ਔਰਤਾਂ ਅਤੇ 48 ਹਜ਼ਾਰ ਟਰਾਂਸਜੈਂਡਰ ਸ਼ਾਮਲ ਹਨ। 2019 ਦੀਆਂ ਚੋਣਾਂ ਵਿੱਚ ਕੁੱਲ ਵੋਟਰਾਂ ਦੀ ਗਿਣਤੀ 90 ਕਰੋੜ ਸੀ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਦੀ ਗਿਣਤੀ 1.8 ਕਰੋੜ ਹੈ ਅਤੇ ਵੋਟਰ ਸੂਚੀ ਵਿੱਚ 85 ਸਾਲ ਤੋਂ ਵੱਧ ਉਮਰ ਦੇ 82 ਲੱਖ ਅਤੇ 100 ਸਾਲ ਤੋਂ ਵੱਧ ਉਮਰ ਦੇ 2.18 ਲੱਖ ਵੋਟਰ ਸ਼ਾਮਲ ਹਨ। ਕੁਮਾਰ ਨੇ ਕਿਹਾ ਕਿ ਦੇਸ਼ ਭਰ ਵਿੱਚ ਵੋਟਰ ਲਿੰਗ ਅਨੁਪਾਤ 948 ਹੈ ਅਤੇ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੁਰਸ਼ ਵੋਟਰਾਂ ਨਾਲੋਂ ਮਹਿਲਾ ਵੋਟਰਾਂ ਦੀ ਗਿਣਤੀ ਵੱਧ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ 10.5 ਲੱਖ ਤੋਂ ਵੱਧ ਪੋਲਿੰਗ ਸਟੇਸ਼ਨ ਹੋਣਗੇ ਅਤੇ 55 ਲੱਖ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ (EVM) ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਮਿਸ਼ਨ ਹਿੰਸਾ ਮੁਕਤ ਚੋਣਾਂ ਕਰਵਾਉਣ ਲਈ ਵਚਨਬੱਧ ਹੈ। ਲੋਕ ਸਭਾ ਚੋਣਾਂ ਦਾ ਐਲਾਨ ਕਰਨ ਲਈ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੁਮਾਰ ਨੇ ਕਿਹਾ ਕਿ ਚੋਣ ਅਧਿਕਾਰੀ ਦੇਸ਼ ਭਰ ’ਚ 10.5 ਲੱਖ ਪੋਲਿੰਗ ਸਟੇਸ਼ਨ ਸਥਾਪਤ ਕਰਨ ਦੀ ਤਿਆਰੀ ਕਰ ਰਹੇ ਹਨ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਨਾਲ ਦੋ ਨਵੇਂ ਚੋਣ ਕਮਿਸ਼ਨਰਾਂ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਮੈਂ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਿਆਹੀ (ਵੋਟਿੰਗ ਸਿਆਹੀ) ਲਗਵਾਉਣ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਇੱਕ ਇਤਿਹਾਸਕ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਰਾਸ਼ਟਰੀ ਚੋਣਾਂ ਇਸ ਤਰੀਕੇ ਨਾਲ ਕਰਵਾਉਣ ਦਾ ਵਾਅਦਾ ਕਰਦਾ ਹੈ ਕਿ ਵਿਸ਼ਵ ਪੱਧਰ ’ਤੇ ਭਾਰਤ ਦਾ ਮਾਣ ਵਧੇ। ਕੁਮਾਰ ਨੇ ਕਿਹਾ ਕਿ ਸਾਰੇ ਸੂਬਿਆਂ ’ਚ ਮੁਲਾਂਕਣ ਤੋਂ ਬਾਅਦ, ਸਾਨੂੰ ਇੱਕ ਯਾਦਗਾਰੀ ਸੁਤੰਤਰ ਅਤੇ ਨਿਰਪੱਖ ਚੋਣ ਯਕੀਨੀ ਬਣਾਉਣ ਦਾ ਭਰੋਸਾ ਹੈ। ਕੁਮਾਰ ਨੇ ਕਿਹਾ ਕਿ ਕਮਿਸ਼ਨ ਨੇ 17 ਲੋਕ ਸਭਾ, 16 ਰਾਸ਼ਟਰਪਤੀ ਚੋਣਾਂ ਅਤੇ 400 ਤੋਂ ਵੱਧ ਵਿਧਾਨ ਸਭਾ ਚੋਣਾਂ ਕਰਵਾਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ 11 ਸੂਬਿਆਂ ਵਿੱਚ ਚੋਣਾਂ ਸ਼ਾਂਤੀਪੂਰਨ ਅਤੇ ਹਿੰਸਾ ਰਹਿਤ ਹੋਈਆਂ ਅਤੇ ਲਗਭਗ ਇੱਕ ਵੀ ਸੀਟ ’ਤੇ ਮੁੜ ਚੋਣ ਨਹੀਂ ਹੋਈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ 7 ਪੜਾਵਾਂ ਵਿੱਚ ਵੋਟਿੰਗ ਹੋਈ ਸੀ। ਇਸ ਚੋਣ ਵਿੱਚ ਕੁੱਲ 91.2 ਕਰੋੜ ਯੋਗ ਵੋਟਰ ਸਨ, ਜਿਨ੍ਹਾਂ ਵਿੱਚੋਂ ਲਗਭਗ 43.8 ਕਰੋੜ ਮਹਿਲਾ ਵੋਟਰ ਅਤੇ ਲਗਭਗ 47.3 ਕਰੋੜ ਪੁਰਸ਼ ਵੋਟਰ ਸਨ। ਕੁੱਲ 61.5 ਕਰੋੜ ਵੋਟਾਂ ਪਈਆਂ ਅਤੇ ਮਤਦਾਨ 67.4 ਫੀਸਦੀ ਰਿਹਾ। ਸਾਲ 2019 ਦੇ ਚੋਣ ਨਤੀਜਿਆਂ ਵਿੱਚ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 303, ਕਾਂਗਰਸ ਨੂੰ 52, ਤ੍ਰਿਣਮੂਲ ਕਾਂਗਰਸ ਨੇ 22, ਬਹੁਜਨ ਸਮਾਜ ਪਾਰਟੀ (ਬਸਪਾ) ਨੇ 10, ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੇ ਪੰਜ, ਮਾਕਪਾ ਨੇ ਤਿੰਨ ਅਤੇ ਭਾਰਤੀ ਕਮਿਊਨਿਟੀ ਪਾਰਟੀ (ਭਾਕਪਾ) ਨੇ ਦੋ ਸੀਟਾਂ ਜਿੱਤੀਆਂ ਸੀ।
- ਭਾਰਤੀ ਆਮ ਚੋਣਾਂ 2024 ਦਾ ਪੂਰਾ ਸ਼ਡਿਊਲ
ਪੜਾਅ 1 – ਅਪ੍ਰੈਲ 19
ਪੜਾਅ 2 – ਅਪ੍ਰੈਲ 26
ਪੜਾਅ 3 – ਮਈ 7
ਪੜਾਅ 4 – ਮਈ 13
ਪੜਾਅ 5 – ਮਈ 20
ਫੇਜ਼ 6 – ਮਈ 25
ਫੇਜ਼ 7 – ਜੂਨ 1