ਨਵੀਂ ਦਿੱਲੀ, 29 ਮਾਰਚ : ਕਾਂਗਰਸ ਨੇ ਸਰਕਾਰੀ ਨੌਕਰੀਆਂ ’ਚ ਮਹਿਲਾ ਰਾਖਵੇਂਕਰਨ ਦਾ ਦਾਅ ਚੱਲਿਆ ਹੈ। ਪਾਰਟੀ ਨੇ ਸੱਤਾ ’ਚ ਆਉਣ ’ਤੇ ਸਰਕਾਰੀ ਨੌਕਰੀਆਂ ’ਚ ਮਹਿਲਾਵਾਂ ਨੂੰ 50 ਫ਼ੀਸਦੀ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ ਹੈ। ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੱਤਾ ’ਚ ਆਉਣ ’ਤੇ ਕਾਂਗਰਸ 50 ਫ਼ੀਸਦੀ ਸਰਕਾਰੀ ਨੌਕਰੀਆਂ ਔਰਤਾਂ ਲਈ ਲਈ ਰਾਖਵੀਆਂ ਕਰੇਗੀ। ਇਸ ਨਾਲ ਮਜ਼ਬੂਤ ਮਹਿਲਾਵਾਂ ਭਾਰਤ ਦੀ ਤਕਦੀਰ ਬਦਲ ਦੇਣਗੀਆਂ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਕਸ ’ਤੇ ਇਕ ਪੋਸਟ ’ਚ ਪੁੱਛਿਆ ਅੱਜ ਵੀ ਤਿੰਨ ’ਚੋਂ ਸਿਰਫ਼ ਇਕ ਮਹਿਲਾ ਦੇ ਹੱਥ ’ਚ ਰੁਜ਼ਗਾਰ ਕਿਉ ਹੈ? 10 ਸਰਕਾਰੀ ਨੌਕਰੀਆਂ ’ਚੋਂ ਸਿਰਫ਼ ਇਕ ਅਹੁਦੇ ’ਤੇ ਮਹਿਲਾ ਕਿਉਂ ਹੈ? ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਭਾਰਤ ’ਚ ਮਹਿਲਾਵਾਂ ਦੀ ਅਬਾਦੀ 50 ਫ਼ੀਸਦੀ ਨਹੀਂ ਹੈ? ਕੀ ਹਾਇਰ ਸੈਕੰਡਰੀ ਤੇ ਉੱਚ ਸਿੱਖਿਆ ਤੱਕ ਮਹਿਲਾਵਾਂ ਦੀ ਮੌਜੂਦਗੀ 50 ਫ਼ੀਸਦੀ ਨਹੀਂ ਹੈ? ਜੇਕਰ ਹੈ ਤਾਂ ਫਿਰ ਸਿਸਟਮ ’ਚ ਉਨ੍ਹਾਂ ਦੀ ਹਿੱਸੇਦਾਰੀ ਏਨੀ ਘੱਟ ਕਿਉਂ ਹੈ? ਕਾਂਗਰਸ ਚਾਹੁੰਦੀ ਹੈ ਕਿ ‘ਅੱਧੀ ਅਬਾਦੀ, ਪੂਰਾ ਹੱਕ’, ਅਸੀਂ ਸਮਝਦੇ ਹਾਂ ਕਿ ਔਰਤਾਂ ਦੀ ਸਮਰੱਥਾ ਦਾ ਪੂਰਾ ਇਸਤੇਮਾਲ ਉਦੋਂ ਹੀ ਹੋਵੇਗਾ ਜਦੋਂ ਦੇਸ਼ ਚਲਾਉਣ ਵਾਲੀ ਸਰਕਾਰ ’ਚ ਮਹਿਲਾਵਾਂ ਦਾ ਬਰਾਬਰ ਦਾ ਯੋਗਦਾਨ ਹੋਵੇਗਾ। ਰਾਹੁਲ ਨੇ ਕਿਹਾ ਇਸ ਲਈ ਕਾਂਗਰਸ ਨੇ ਫ਼ੈਸਲਾ ਕੀਤਾ ਹੈ ਕਿ ਸਾਰੀਆਂ ਨਵੀਆਂ ਸਰਕਾਰੀ ਨੌਕਰੀਆਂ ’ਚ ਅੱਧੀਆਂ ਭਰਤੀਆਂ ਮਹਿਲਾਵਾਂ ਲਈ ਰਾਖਵੀਆਂ ਕਰ ਦਿੱਤੀਆਂ ਜਾਣ। ਅਸੀਂ ਸੰਸਦ ਤੇ ਵਿਧਾਨ ਸਭਾ ’ਚ ਵੀ ਮਹਿਲਾ ਰਾਖਵੇਂਕਰਨ ਨੂੰ ਫੌਰੀ ਲਾਗੂ ਕਰਨ ਦੇ ਪੱਖ ’ਚ ਹਾਂ। ਸੁਰੱਖਿਅਤ ਆਮਦਨ, ਸੁਰੱਖਿਅਤ ਭਵਿੱਖ, ਸਥਿਰਤਾ ਤੇ ਆਤਮ ਸਨਮਾਨ ਨਾਲ ਭਰੀਆਂ ਮਹਿਲਾਵਾਂ ਸਹੀ ਮਾਅਨੇ ’ਚ ਸਮਾਜ ਦੀ ਤਾਕਤ ਬਣਨਗੀਆਂ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਨਾਰੀ ਨਿਆਂ ਲਈ ਆਪਣੀਆਂ ਪੰਜ ਗਾਰੰਟੀਆਂ ਤਹਿਤ ਹਰ ਗ਼ਰੀਬ ਪਰਿਵਾਰ ਦੀ ਇਕ ਮਹਿਲਾ ਨੂੰ ਸਾਲਾਨਾ ਇਕ ਲੱਖ ਰੁਪਏ ਦੇਣ ਦਾ ਵਾਅਦਾ ਕਰ ਚੁੱਕੀ ਹੈ।