ਨਵੀਂ ਦਿੱਲੀ, 16 ਜਨਵਰੀ : ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਪਹਿਲਾਂ LG ਵੀਕੇ ਸਕਸੈਨਾ 'ਤੇ ਹਮਲਾ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਦੀ ਰਿਹਾਇਸ਼ ਵੱਲ ਮਾਰਚ ਕੀਤਾ। ਸੀਐਮ ਅਰਵਿੰਦ ਕੇਜਰੀਵਾਲ ਵੀ ਸੜਕ 'ਤੇ ਆ ਗਏ ਅਤੇ LG 'ਤੇ ਕਈ ਦੋਸ਼ ਲਗਾਏ। ਇਸ ਮੌਕੇ ਕੇਜਰੀਵਾਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਮੰਦਭਾਗਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਵਿਧਾਇਕਾਂ ਨੂੰ ਉਪ ਰਾਜਪਾਲ ਦਫ਼ਤਰ ਤੱਕ ਮਾਰਚ ਕਰਨਾ ਪੈ ਰਿਹਾ ਹੈ। ਮੈਨੂੰ ਉਮੀਦ ਹੈ ਕਿ ਉਪ ਰਾਜਪਾਲ ਆਪਣੀ ਗਲਤੀ ਉਤੇ ਗੌਰ ਕਰਨਗੇ ਅਤੇ ਅਧਿਆਪਕਾਂ ਨੂੰ ਫਿਨਲੈਂਡ ਵਿੱਚ ਟ੍ਰੇਨਿੰਗ ਜਾਣ ਦੀ ਆਗਿਆ ਦੇਣਗੇ। ਉਪ ਰਾਜਪਾਲ ਵੀ ਕੇ ਸਕਸੇਨਾ ਆਜ਼ਾਦ ਤੌਰ ਉਤੇ ਫੈਸਲਾ ਨਹੀਂ ਲੈ ਸਕਦੇ, ਪ੍ਰੰਤੂ ਉਹ ਅਜਿਹਾ ਕਰ ਰਹੇ ਹਨ। ਦਿੱਲੀ ਸਰਕਾਰ ਦੇ ਕੰਮ ਜਾਣ ਬੁੱਝ ਕੇ ਰਾਜਨੀਤਿਕ ਕਾਰਨਾਂ ਕਰਕੇ ਰੋਕੇ ਜਾ ਰਹੇ ਹਨ। ਉਪ ਰਾਜਪਾਲ ਕੋਈ ਸਾਡੇ ਮੁੱਖ ਅਧਿਆਪਕ ਨਹੀਂ ਹਨ, ਜੋ ਸਾਡਾ ਹੋਮ ਵਰਕ ਦੇਖਣਗੇ। ਉਨ੍ਹਾਂ ਸਾਡੇ ਪ੍ਰਸਤਾਵਾਂ ਲਈ ਕੇਵਲ ਹਾਂ ਜਾਂ ਕਹਿਣਾ ਹੈ।‘ ਉਨ੍ਹਾਂ ਕਿਹਾ ਕਿ ਐਲ.ਜੀ.ਨੇ ਦਿੱਲੀ ਦੇ ਅਧਿਆਪਕਾਂ ਨੂੰ ਵਿਦੇਸ਼ ਭੇਜਣ ਤੋਂ ਰੋਕ ਦਿੱਤਾ ਹੈ। ਉਹ ਦਿੱਲੀ ਦੇ ਬੱਚਿਆਂ ਦੀ ਚੰਗੀ ਪੜ੍ਹਾਈ ਨੂੰ ਰੋਕਣਾ ਚਾਹੁੰਦੇ ਹਨ। ਹੱਥਾਂ ਵਿਚ ਪੋਸਟਰ-ਬੈਨਰ ਫੜ ਕੇ ਵਿਧਾਇਕ ਵੈੱਲ 'ਤੇ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕੀਤੀ।ਸਦਨ ਦੀ ਕਾਰਵਾਈ ਪਹਿਲਾਂ 10 ਮਿੰਟ ਅਤੇ ਫਿਰ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ। ਤੀਜੀ ਵਾਰ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਵੀ ਹੰਗਾਮਾ ਰੁਕਿਆ ਨਹੀਂ ਤਾਂ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।