ਈਸੜੂ ਤੋਂ ਗੋਆ ਆਉਣ ਵਾਲੇ ਹਰ ਵਿਅਕਤੀ ਨੂੰ ਸਰਕਾਰੀ ਮਹਿਮਾਨ ਨਿਵਾਜ਼ੀ ਦੇਣ ਦਾ ਮੁੱਖ ਮੰਤਰੀ ਨੇ ਕੀਤਾ ਐਲਾਨ
ਗੋਆ : ਮੋਪਾ ਏਅਰਪੋਰਟ ਤੋਂ ਪਤਗ ਦੇਵੀ ਲਈ ਬਣ ਰਹੀ ਨਵੀਂ ਸੜਕ ਦਾ ਨਾਂ ਖੰਨਾ ਦੇ ਪਿੰਡ ਈਸੜੂ ਦੇ ਸ਼ਹੀਦ ਕਰਨੈਲ ਸਿੰਘ ਦੇ ਨਾਂ ’ਤੇ ਰੱਖਿਆ ਜਾਵੇਗਾ। ਇਹ ਐਲਾਨ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵਲੋਂ ਕੀਤਾ ਗਿਆ। ਪਿੰਡ ਈਸੜੂ ਤੋਂ ਸਰਪੰਚ ਗੁਰਬਿੰਦਰ ਸਿੰਘ ਦੀ ਅਗਵਾਈ ’ਚ ਗਏ ਵਫ਼ਦ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਵਫ਼ਦ ਨੂੰ ਮੁੱਖ ਮੰਤਰੀ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਸ਼ਹੀਦ ਕਰਨੈਲ ਸਿੰਘ ਜਿਸ ਬਾਰਡਰ ’ਤੇ ਸ਼ਹੀਦ ਹੋਇਆ ਸੀ, ਉਸ ਥਾਂ ’ਤੇ ਕਰਨੈਲ ਸਿੰਘ ਦੀ ਯਾਦ ’ਚ 11 ਕਰੋੜ ਦੀ ਲਾਗਤ ਨਾਲ ਸ਼ਹੀਦੀ ਸਮਾਰਕ ਵੀ ਬਣਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਈਸੜੂ ਤੋਂ ਸਰਪੰਚ ਗੁਰਬਿੰਦਰ ਸਿੰਘ ਦੀ ਅਗਵਾਈ ’ਚ ਪਿੰਡ ਦੇ ਮੋਹਤਬਰ ਵਿਅਕਤੀਆਂ ਦਾ ਇੱਕ ਵਫ਼ਦ ਗੋਆ ਸਰਕਾਰ ਦੇ ਸੱਦੇ ’ਤੇ ਗੋਆ ਦੇ ਦੌਰੇ ’ਤੇ ਗਿਆ ਜਿੱਥੇ ਵਫ਼ਦ ਵੱਲੋਂ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਰਾਜਪਾਲ ਪੀਐੱਸ ਸਿਰੀਧਰਨ ਪਿਲੈ ਨਾਲ ਮੁਲਾਕਾਤ ਕੀਤੀ ਗਈ। ਵਫ਼ਦ ’ਚ ਸਰਪੰਚ ਗੁਰਬਿੰਦਰ ਸਿੰਘ ਦੇ ਨਾਲ ਸਾਬਕਾ ਚੇਅਰਮੈਨ ਮਹਿੰਦਰ ਸਿੰਘ, ਸੰਤ ਰਾਮ ਕੈਨੇਡਾ, ਕਮਾਂਡਰ ਜੀਪੀ ਐੱਸ ਬਾਜਵਾ, ਪ੍ਰਸਿੱਧ ਇਤਿਹਾਸਕਾਰ ਪ੍ਰੋ ਪੰਜਾਲ ਸ਼ਖਰਡੰਡੇ ਸ਼ਾਮਲ ਸਨ। ਪਿੰਡ ਵਾਸੀਆਂ ਲਈ ਗੋਆ ਦੀ ਸਰਕਾਰ ਵਲੋਂ ਪਿੰਡ ਈਸੜੂ ਦੇ ਵਾਸੀਆਂ ਨੂੰ ਲਈ ਇੱਕ ਹੋਰ ਅਹਿਮ ਐਲਾਨ ਕੀਤਾ ਗਿਆ ਹੈ ਜਿਸ ’ਚ ਮੁੱਖ ਮੰਤਰੀ ਨੇ ਈਸੜੂ ਤੋਂ ਗੋਆ ਆਉਣ ਵਾਲੇ ਹਰ ਵਿਅਕਤੀ ਨੂੰ ਸਰਕਾਰੀ ਮਹਿਮਾਨ ਨਿਵਾਜ਼ੀ ਦੇਣ ਦਾ ਐਲਾਨ ਕੀਤਾ। ਇਸ ਖ਼ਬਰ ਨਾਲ ਪਿੰਡ ਵਾਸੀ ਬਾਗ਼ੋਬਾਗ਼ ਹਨ। ਸਰਪੰਚ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਗੋਆ ਦੇ ਮੁੱਖ ਮੰਤਰੀ ਵਲੋਂ ਭਰੋਸਾ ਦਿੱਤਾ ਗਿਆ ਕਿ ਪਿੰਡ ਦੇ ਸਰਪੰਚ ਵਲੋਂ ਪਿੰਡ ਦੇ ਜਿਸ ਵੀ ਵਿਅਕਤੀ ਬਾਰੇ ਗੋਆ ਆਉਣ ਦੀ ਸੂਚਨਾ ਦਿੱਤੀ ਜਾਵੇਗੀ, ਉਸ ਨੂੰ ਸਰਕਾਰੀ ਮਹਿਮਾਨ ਨਿਵਾਜ਼ੀ ਦਿੱਤੀ ਜਾਵੇਗੀ। ਮੁੱਖ ਮੰਤਰੀ ਪ੍ਰਮੋਦ ਸਾਵੰਤ ਵਲੋਂ ਸ਼ਹੀਦ ਕਰਨੈਲ ਸਿੰਘ ਦੀ ਪਤਨੀ ਬੀਬੀ ਚਰਨਜੀਤ ਕੌਰ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਗਿਆ। ਵਫ਼ਦ ਬਾਅਦ ’ਚ ਰਾਜਪਾਲ ਸ੍ਰੀਧਰਨ ਪਿਲੈ ਨੂੰ ਮਿਲਿਆ। ਵਫ਼ਦ ਨੇ ਰਾਜਪਾਲ ਤੋਂ ਮੰਗੀ ਕੀਤੀ ਗੋਆ ਯੂਨੀਵਰਸਿਟੀ ’ਚ ਸ਼ਹੀਦ ਕਰਨੈਲ ਸਿੰਘ ਚੇਅਰ ਸਥਾਪਤ ਕੀਤੀ ਜਾਵੇ। ਰਾਜਪਾਲ ਨੇ ਕਿਹਾ ਕਿ ਉੱਚ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਕੇ ਇਸ ਸਬੰਧੀ ਜਲਦੀ ਐਲਾਨ ਕੀਤਾ ਜਾਵੇਗਾ। ਸਰਪੰਚ ਗੁਰਬਿੰਦਰ ਸਿੰਘ ਤੇ ਬਾਕੀ ਮੈਂਬਰਾਂ ਵਲੋਂ ਗੋਆ ਦੇ ਮੁੱਖ ਮੰਤਰੀ ਤੇ ਰਾਜਪਾਲ ਦਾ ਸ਼ਹੀਦ ਕਰਨੈਲ ਸਿੰਘ ਦੀ ਯਾਦੂ ਨੂੰ ਅਹਿਮ ਫ਼ੈਸਲੈ ਲੈਣ ’ਤੇ ਧੰਨਵਾਦ ਕੀਤਾ ਤੇ ਸਰਕਾਰ ਦਾ ਮਹਿਮਾਨ ਨਿਵਾਜ਼ੀ ਲਈ ਧੰਨਵਾਦ ਕੀਤਾ। ਸਰਕਾਰ ਵਲੋਂ ਵਫ਼ਦ ਦਾ ਸਰਕਾਰੀ ਸਨਮਾਨਾਂ ਨਾਲ ਸਨਮਾਨ ਕੀਤਾ ਗਿਆ ਤੇ ਵਾਪਸੀ ਸਮੇਂ ਤੋਹਫ਼ੇ ਵੀ ਦਿੱਤੇ।