ਚੇਂਗਲਪੱਟੂ, 2 ਮਾਰਚ : ਚੇਨਈ ਦੇ ਨੇੜੇ ਚੇਂਗਲਪੱਟੂ 'ਚ ਇਕ ਘਰ 'ਚ ਅੱਗ ਲੱਗਣ ਕਾਰਨ ਬਿਹਾਰ ਦੇ ਇਕ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ, ਜੋ ਕਿ ਸੰਭਵ ਤੌਰ 'ਤੇ ਰਸੋਈ ਗੈਸ ਲੀਕ ਹੋਣ ਕਾਰਨ ਲੱਗੀ ਹੈ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਘਟਨਾ ਵਿੱਚ ਬੱਚਿਆਂ ਦੀ ਮਾਂ ਵੀ ਗੰਭੀਰ ਰੂਪ ਵਿੱਚ ਝੁਲਸ ਗਈ ਹੈ ਅਤੇ ਉਸਦਾ ਇਲਾਜ ਕਿਲਪੌਕ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਚੱਲ ਰਿਹਾ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗ ਗੈਸ ਲੀਕ ਹੋਣ ਕਾਰਨ ਲੱਗੀ ਹੈ। ਉਸ ਨੇ ਦੱਸਿਆ ਕਿ ਬਿਹਾਰ ਤੋਂ ਆਏ ਇਸ ਪਰਿਵਾਰ ਕੋਲ ਗੈਸ ਦਾ ਚੁੱਲ੍ਹਾ ਸੀ ਜੋ ਜ਼ਮੀਨ 'ਤੇ ਰੱਖਿਆ ਹੋਇਆ ਸੀ ਅਤੇ ਘਰ 'ਚ ਕੋਈ ਖਿੜਕੀ ਨਹੀਂ ਸੀ। ਅਧਿਕਾਰੀ ਨੇ ਦੱਸਿਆ ਕਿ ਔਰਤ ਆਪਣੇ ਤਿੰਨ ਬੱਚਿਆਂ ਦੇ ਨਾਲ ਵੀਰਵਾਰ ਨੂੰ ਚੇਂਗਲਪੱਟੂ ਰੇਲਵੇ ਸਟੇਸ਼ਨ ਨੇੜੇ ਆਪਣੇ ਪਤੀ ਨੂੰ ਮਿਲਣ ਗਈ ਸੀ ਅਤੇ ਜਿਵੇਂ ਹੀ ਉਹ ਉਥੋਂ ਵਾਪਸ ਆਈ ਅਤੇ ਆਪਣੇ ਘਰ ਦੀ ਲਾਈਟ ਨੂੰ ਚਾਲੂ ਕੀਤਾ ਤਾਂ ਅੱਗ ਲੱਗ ਗਈ। ਉਨ੍ਹਾਂ ਕਿਹਾ 'ਗੁਆਂਢੀਆਂ ਨੇ ਉਨ੍ਹਾਂ ਦੀਆਂ ਚੀਕਾਂ ਸੁਣੀਆਂ ਅਤੇ ਉਨ੍ਹਾਂ ਦੀ ਮਦਦ ਲਈ ਦੌੜੇ ਅਤੇ ਚਾਰਾਂ ਨੂੰ ਚੇਂਗਲਪੱਟੂ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।' ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਬੱਚਿਆਂ ਦੀ ਮੌਤ ਹੋ ਗਈ। ਬੱਚਿਆਂ ਵਿੱਚੋਂ ਇੱਕ ਦੀ ਉਮਰ ਸੱਤ ਸਾਲ ਅਤੇ ਦੂਜੇ ਦੀ ਪੰਜ ਸਾਲ ਸੀ ਜਦਕਿ ਤੀਜਾ ਬੱਚਾ ਇਸ ਤੋਂ ਵੀ ਛੋਟਾ ਸੀ। ਬੱਚਿਆਂ ਦੀ ਮਾਂ ਨੂੰ ਚੇਂਗਲਪੱਟੂ ਸਰਕਾਰੀ ਹਸਪਤਾਲ ਤੋਂ ਕਿਲਪੌਕ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਭੇਜਿਆ ਗਿਆ। ਚੇਂਗਲਪੱਟੂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।