ਨਵੀਂ ਦਿੱਲੀ, 06 ਜਨਵਰੀ : ਦਿੱਲੀ ਨਗਰ ਨਿਗਮ ਦੇ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਤੋਂ ਪਹਿਲਾਂ ਹੰਗਾਮਾ ਹੋ ਗਿਆ । ਇਸ ਦੇ ਨਾਲ ਹੀ ਭਾਜਪਾ ਅਤੇ ‘ਆਪ’ ਦੇ ਕੌਂਸਲਰਾਂ ਵਿਚਾਲੇ ਹੱਥੋਪਾਈ ਵੀ ਹੋ ਗਈ। ਐਮਸੀਡੀ ਚੋਣਾਂ ਵਿੱਚ ਪੂਰਨ ਬਹੁਮਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਕਾਰਪੋਰੇਟਰ ਸ਼ੈਲੀ ਓਬਰਾਏ ਨੂੰ ਮੇਅਰ ਲਈ ਉਮੀਦਵਾਰ ਬਣਾਇਆ ਹੈ, ਜਦਕਿ ਰੇਖਾ ਗੁਪਤਾ ਭਾਜਪਾ ਵੱਲੋਂ ਚੋਣ ਮੈਦਾਨ ਵਿੱਚ ਹੈ। ਇਸ ਦੌਰਾਨ ਮਨੋਜ ਤਿਵਾਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸ ਗੱਲ ਤੋਂ ਡਰਦੀ ਹੈ? ਕੀ ਆਮ ਆਦਮੀ ਪਾਰਟੀ ਨੈਤਿਕ ਤੌਰ ‘ਤੇ ਹਾਰ ਗਈ ਹੈ? ਕੀ ਉਹ ਸਮਝ ਗਏ ਹਨ ਕਿ ਉਸ ਦੇ ਕੌਂਸਲਰ ਉਸ ਦਾ ਸਾਥ ਨਹੀਂ ਦੇਣਗੇ? ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੇਅਰ ਦੀ ਚੋਣ ਤੋਂ ਪਹਿਲਾਂ ਹੀ ਇਸ ਤਰ੍ਹਾਂ ਦਾ ਹੰਗਾਮਾ ਯਕੀਨੀ ਤੌਰ ‘ਤੇ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਨੈਤਿਕ ਤੌਰ ‘ਤੇ ਹਾਰ ਚੁੱਕੀ ਹੈ। ਦੂਜੇ ਪਾਸੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਹੈ। ਨਾਮਜ਼ਦ ਮੈਂਬਰ ਮਨੋਜ ਕੁਮਾਰ ਨੂੰ ਪਹਿਲਾਂ ਸਹੁੰ ਚੁਕਾਉਣ ਤੋਂ ਬਾਅਦ ਨਾਰਾਜ਼ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਹੰਗਾਮਾ ਕਰ ਦਿੱਤਾ। ਆਮ ਆਦਮੀ ਪਾਰਟੀ ਵੱਲੋਂ ਨਿਗਮ ਹਾਊਸ ਵਿੱਚ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਭਾਜਪਾ ਦੇ ਕੌਂਸਲਰ ਵੀ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਸਹੁੰ ਚੁੱਕ ਸਮਾਗਮ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ।