ਕੋਲਕਾਤਾ, 29 ਨਵੰਬਰ : ਕੋਲਕਾਤਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਬੀਜੇਪੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰੇਗੀ, ਇਸ ਨੂੰ ਹੁਣ ਕੋਈ ਨਹੀਂ ਰੋਕ ਸਕਦਾ। ਮੁੱਖ ਮੰਤਰੀ ਮਮਤਾ ਬੈਨਰਜੀ ਦੇ ਤਿੱਖੇ ਹਮਲੇ ਕਰਦਿਆਂ ਕੇਂਦਰੀ ਮੰਤਰੀ ਸ਼ਾਹ ਨੇ ਕਿਹਾ ਕਿ ਪਤਿਆਉਣ, ਘੁਸਸਪੈਠ, ਭ੍ਰਿਸਟਾਚਾਰੀ ਅਤੇ ਸਿਆਸੀ ਹਿੰਸਾ ਵਰਗੇ ਮੁੱਦਿਆ ਕਾਰਨ ਸੂਬਾ ਅੱਜ ਬਰਬਾਦੀ ਵੱਲ ਹੈ। ਉਨ੍ਹਾਂ ਨੇ ਮੁੱਖ ਮੰਤਰੀ ਬੈਨਰਜੀ ਦੇ ਦੋਸ਼ ਲਗਾਇਆ ਕਿ ਘੁਸਪੈਠ ਨੂੰ ਸਮਰਥਨ ਦੇਣ ਕਾਰਨ ਸੀਏਏ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸੂਬੇ ਵਿੱਚ ਐਨੀ ਘੁਸਪੈਠ ਹੋਵੇ, ਉੱਥੇ ਵਿਕਾਸ ਨਹੀਂ ਹੋ ਸਕਦਾ। ਅਮਿਤ ਸ਼ਾਹ ਨੇ ਰੈਲੀ ‘ਚ ਹੋਏ ਭਾਰੀ ਇੱਕਠ ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ 2026 ਵਿੱਚ ਦੋ ਤਿਹਾਈ ਬਹੁਮਤ ਨਾਲ ਭਾਜਪਾ ਸੂਬੇ ਦੀ ਸੱਤਾ ਦੀ ਕਮਾਨ ਸੰਭਾਲੇਗੀ। ਉਨ੍ਹਾਂ ਅੱਗੇ ਕਿਹਾ ਕਿ ਮਮਤਾ ਬੈਨਰਜੀ ਸੀਏਏ ਦਾ ਵਿਰੋਧ ਤਾਂ ਕਰਦੀ ਹੈ, ਪਰ ਇਸ ਨੂੰ ਲਾਗੂ ਹੋਣ ਤੋਂ ਨਹੀਂ ਰੋਕ ਸਕਦੀ। ਸ਼ਾਹ ਇਤਿਹਾਸਕ ਐਸਪਲਾਨੇਡ ਵਿਖੇ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਹ ਕਾਨੂੰਨ ਅਜੇ ਅੱਧ-ਵਿਚਾਲੇ ਲਟਕਿਆ ਪਿਆ ਹੈ ਕਿਉਂਕਿ ਕੇਂਦਰ ਸਰਕਾਰ ਨੇ ਕਾਨੂੰਨ ਵਿਰੁਧ ਵਿਰੋਧੀ ਧਿਰ ਦੇ ਸਖਤ ਰੁਖ ਵਿਚਕਾਰ ਅਜੇ ਤਕ ਅਪਣੇ ਨਿਯਮ ਨਹੀਂ ਬਣਾਏ ਹਨ। ਸੰਸਦ ਨੇ 2019 ’ਚ ਇਸ ਕਾਨੂੰਨ ਨੂੰ ਮਨਜ਼ੂਰੀ ਦਿਤੀ ਸੀ। ਸ਼ਾਹ ਨੇ ਕਿਹਾ ਕਿ ਮਮਤਾ ਬੈਨਰਜੀ ਨੇ ਕਦੇ ਘੁਸਪੈਠ ਦੇ ਮੁੱਦੇ ’ਤੇ ਸੰਸਦ ਨੂੰ ਠੱਪ ਕਰ ਦਿਤਾ ਸੀ ਪਰ ਹੁਣ ਉਹ ਚੁਪ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ ਸੱਤਾ ’ਚ ਆਉਣ ਤੋਂ ਬਾਅਦ ਕੋਈ ਵੀ ਅਸਾਮ ’ਚ ਘੁਸਪੈਠ ਨਹੀਂ ਕਰ ਸਕਦਾ। ਉਨ੍ਹਾਂ ਕਿਹਾ, ‘‘ਅਸਾਮ ਨੇ ਘੁਸਪੈਠ ਰੋਕਣ ਦੀ ਦਿਸ਼ਾ ’ਚ ਸ਼ਲਾਘਾਯੋਗ ਕੰਮ ਕੀਤਾ ਹੈ। ਪਰ ਤ੍ਰਿਣਮੂਲ ਸਰਕਾਰ ਦੀ ਵੋਟ ਬੈਂਕ ਦੀ ਰਾਜਨੀਤੀ ਕਾਰਨ ਪਛਮੀ ਬੰਗਾਲ ’ਚ ਘੁਸਪੈਠ ਜਾਰੀ ਹੈ। ਮਮਤਾ ਬੈਨਰਜੀ ਸੀ.ਏ.ਏ. ਦਾ ਵਿਰੋਧ ਕਰ ਰਹੀ ਹੈ, ਪਰ ਮੈਂ ਸਪੱਸ਼ਟ ਤੌਰ ’ਤੇ ਕਹਿਣਾ ਚਾਹੁੰਦੀ ਹਾਂ ਕਿ ਸੀ.ਏ.ਏ. ਨੂੰ ਦੇਸ਼ ’ਚ ਲਾਗੂ ਕੀਤਾ ਜਾਵੇਗਾ। ਸੀ.ਏ.ਏ. ਨੂੰ ਲਾਗੂ ਹੋਣ ਤੋਂ ਕੋਈ ਨਹੀਂ ਰੋਕ ਸਕਦਾ।’’ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਨੂੰ ਮੁਅੱਤਲ ਕਰਨ ਨੂੰ ਲੈ ਕੇ ਮਮਤਾ ਬੈਨਰਜੀ ’ਤੇ ਨਿਸ਼ਾਨਾ ਸਾਧਦੇ ਹੋਏ ਸ਼ਾਹ ਨੇ ਕਿਹਾ ਕਿ ਉਹ ਅਧਿਕਾਰੀ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਪਰ ਸੂਬੇ ਦੇ ਲੋਕਾਂ ਨੂੰ ਚੁੱਪ ਨਹੀਂ ਕਰਵਾ ਸਕਦੀ। ਉਨ੍ਹਾਂ ਨੇ ਮਮਤਾ ਬੈਨਰਜੀ ਨੂੰ ਕਈ ਵਾਰ ‘ਦੀਦੀ’ ਕਿਹਾ ਅਤੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ਾਹ ਨੇ ਮਮਤਾ ਬੈਨਰਜੀ ਨੂੰ ਚੁਨੌਤੀ ਦਿਤੀ ਕਿ ਉਹ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਗ੍ਰਿਫਤਾਰ ਕੀਤੇ ਗਏ ਅਪਣੇ ਕੁਝ ਨੇਤਾਵਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦੇ ਵਿਖਾਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਜਿਹਾ ਨਹੀਂ ਕਰ ਸਕਦੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਹ ਉਨ੍ਹਾਂ ਦੇ ਭਤੀਜੇ ਨੂੰ ਫਸਾ ਸਕਦੇ ਹਨ। ਉਹ ਸਪੱਸ਼ਟ ਤੌਰ ’ਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਵੱਲ ਇਸ਼ਾਰਾ ਕਰ ਰਹੇ ਸਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਨੂੰ ਉਖਾੜ ਸੁੱਟਣ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਹੀ ਚੁਣਨ। ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਰਾਜ ’ਚ ਭਾਜਪਾ ਦਾ ਪ੍ਰਦਰਸ਼ਨ ਵਿਧਾਨ ਸਭਾ ਚੋਣਾਂ ’ਚ ਉਸ ਦੀ ਜਿੱਤ ਦੀ ਨੀਂਹ ਰੱਖੇਗਾ। ਉਨ੍ਹਾਂ ਕਿਹਾ, ‘‘2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਇੰਨੀਆਂ ਸੀਟਾਂ ਦਿਉ ਕਿ ਮੋਦੀ ਜੀ ਕਹਿਣਗੇ ਕਿ ਮੈਂ ਬੰਗਾਲ ਦੀ ਵਜ੍ਹਾ ਨਾਲ ਪ੍ਰਧਾਨ ਮੰਤਰੀ ਬਣਿਆ ਹਾਂ।’’ ਉਨ੍ਹਾਂ ਦੋਸ਼ ਲਾਇਆ ਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਗੜਬੜੀ ਕੀਤੀ ਸੀ ਪਰ ਭਾਜਪਾ ਜ਼ੀਰੋ ਤੋਂ ਡਿੱਗ ਕੇ 77 ਸੀਟਾਂ ’ਤੇ ਆ ਗਈ। ਉਨ੍ਹਾਂ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਦੇ ਏਜੰਡੇ ਦੇ ਅਨੁਸਾਰ ਸਰਕਾਰ ਚੁਣ ਕੇ ਤ੍ਰਿਣਮੂਲ ਕਾਂਗਰਸ ਦੇ ਕਥਿਤ ਕੁਸ਼ਾਸਨ ਨੂੰ ਖਤਮ ਕਰਨ ਦਾ ਸੱਦਾ ਦਿਤਾ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪਛਮੀ ਬੰਗਾਲ ’ਚ ਸਿਆਸੀ ਹਿੰਸਾ ’ਚ 212 ਭਾਜਪਾ ਵਰਕਰ ਮਾਰੇ ਗਏ ਹਨ ਅਤੇ ਲੋਕ 2026 ਦੀਆਂ ਵਿਧਾਨ ਸਭਾ ਚੋਣਾਂ ’ਚ ਅਪਣੀਆਂ ਵੋਟਾਂ ਨਾਲ ਇਨ੍ਹਾਂ ਕਤਲਾਂ ਦਾ ਬਦਲਾ ਲੈਣਗੇ। ਸ਼ਾਹ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਵੱਡੀ ਜਿੱਤ ਯਕੀਨੀ ਬਣਾਉਣ। ਸ਼ਾਹ ਦੇ ਨਾਲ ਕੇਂਦਰੀ ਮੰਤਰੀ ਅਤੇ ਰਾਜ ਦੇ ਹੋਰ ਨੇਤਾ ਵੀ ਸਨ। ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ ਰਾਜ ਦੀਆਂ 42 ਵਿਚੋਂ 18 ਸੀਟਾਂ ਜਿੱਤੀਆਂ ਸਨ, ਜੋ ਹੁਣ ਤਕ ਦੀ ਸਭ ਤੋਂ ਵੱਧ ਗਿਣਤੀ ਹੈ।