ਪਟਨਾ, 8 ਮਾਰਚ : ਬਿਹਾਰ ਦੇ ਜ਼ਿਲ੍ਹਾ ਗਯਾ ਵਿੱਚ ਹੌਲੀ ਖੇਡਦੇ ਲੋਕਾਂ ਉਤੇ ਅਚਾਨਕ ਤੋਪ ਦਾ ਗੋਲਾ ਡਿੱਗ ਗਿਆ ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਗਯਾ ਜ਼ਿਲ੍ਹੇ ਦੇ ਥਾਣਾ ਬਾਰਾਚਟੀ ਦੇ ਪਿੰਡ ਗੂਲਰਵੇਦ ਵਿੱਚ ਜਦੋਂ ਪਿੰਡ ਦੇ ਲੋਕ ਹੌਲੀ ਖੇਡ ਰਹੇ ਸਨ ਤਾਂ ਅਚਾਨਕ ਤੋਪ ਦਾ ਗੋਲਾ ਡਿੱਗ ਗਿਆ। ਇਹ ਤੋਪ ਦਾ ਗੋਲਾ ਫੌਜ ਦੇ ਅਭਿਆਸ ਦੌਰਾਨ ਆ ਕੇ ਲੋਕਾਂ ਉਤੇ ਡਿੱਗਿਆ, ਜਿਸ ਵਿੱਚ ਤਿੰਨ ਦੀ ਮੌਤ ਹੋ ਗਈ। ਇਸ ਸਬੰਧੀ ਐਸਪੀ ਆਸ਼ੀਸ਼ ਭਾਰਤੀ ਨੇ ਦੱਸਿਆ ਕਿ ਪਿੰਡ ਗੂਲਰਵੇਦ ਪਿੰਡ ਦੇ ਇਕ ਹੀ ਪਰਿਵਾਰ ਦੇ ਦੋ ਪੁਰਸ਼ ਅਤੇ ਇਕ ਔਰਤ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਦੋ ਹੋਰ ਔਰਤਾਂ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਗਯਾ ਸਥਿਕ ਨਰਾਇਣ ਮਗਧ ਮੈਡੀਕਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਹਿਚਾਣ ਗੋਵਿੰਦ ਮਾਂਝੀ, ਸੂਰਜ ਕੁਮਾਰ ਅਤੇ ਕੰਚਨ ਕੁਮਾਰੀ ਵਜੋਂ ਹੋਈ ਹੈ। ਗੀਤਾ ਕੁਮਾਰੀ, ਰਾਸ਼ੋ ਦੇਵੀ ਅਤੇ ਪਿੰਟੂ ਮਾਂਝੀ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਗਯਾ ਦੇ ਡੋਭੀ ਪ੍ਰਖੰਡ ਦੇ ਤ੍ਰਿਲੋਕੀਪੁਰ ਵਿੱਚ ਫੌਜ ਦਾ ਅਭਿਆਸ ਫਾਈਰਿੰਗ ਰੇਂਜ ਹੈ। ਇਸ ਫਾਈਰਿੰਗ ਰੇਂਜ ਤੋਂ ਆਸ-ਪਾਸ ਦੇ ਪਿੰਡਾਂ ਵਿੱਚ ਅਚਾਨਕ ਰੇਂਜ ਤੋਂ ਬਾਹਰ ਜਾ ਕੇ ਗੋਲਾ ਡਿੱਗ ਜਾਂਦਾ ਹੈ।