ਗੁਮਲਾ, 23 ਮਾਰਚ : ਝਾਰਖੰਡ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੇਰ ਰਾਤ ਬਰਾਤੀਆਂ ਨਾਲ ਨਾਲ ਭਰੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ ਸੀ। ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਹਾਦਸੇ 'ਚ ਮੌਕੇ 'ਤੇ ਹੀ ਮਰਨ ਵਾਲੇ ਪੰਜ ਲੋਕਾਂ 'ਚ ਪ੍ਰਿਅੰਕਾ ਕੁਜੂਰ (5), ਸੁਮੰਤੀ ਖੇਰਵਾਰ (6), ਛਤਰਪਾਲ ਓਰਾਵਾਂ, ਅਲਤਾਫ ਅਤੇ ਅੱਠ ਮਹੀਨੇ ਦਾ ਬੱਚਾ ਸ਼ਾਮਲ ਹੈ। ਘਟਨਾ ਤੋਂ ਬਾਅਦ ਮੌਕੇ 'ਤੇ ਹੜਕੰਪ ਮਚ ਗਿਆ। ਇਸ ਦੌਰਾਨ ਸਥਾਨਕ ਲੋਕਾਂ ਨੇ ਪੁਲਸ ਨੂੰ ਫੋਨ ਕਰਕੇ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਅਤੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਇਹ ਘਟਨਾ ਗੁਮਲਾ ਜ਼ਿਲ੍ਹੇ ਦੀ ਹੈ। 22 ਮਾਰਚ ਦੀ ਸ਼ਾਮ ਨੂੰ ਰਾਂਚੀ ਤੋਂ ਬਰਾਤੀਆਂ ਨਾਲ ਭਰੀ ਬੱਸ ਕਾਂਕੇ ਥਾਣਾ ਖੇਤਰ ਦੇ ਬੋਦਯਾ ਪਿੰਡ ਲਈ ਗਈ ਸੀ। ਵਿਆਹ ਦਾ ਪ੍ਰੋਗਰਾਮ ਪੂਰਾ ਹੋਣ ਤੋਂ ਬਾਅਦ ਇਹ ਬੱਸ ਦੇਰ ਰਾਤ ਵਾਪਸ ਗੁਮਲਾ ਜਾ ਰਹੀ ਸੀ। ਇਸ ਦੌਰਾਨ ਵਾਪਸ ਆਉਂਦੇ ਸਮੇਂ ਲੋਹਰਦਗਾ 'ਚ ਨੈਸ਼ਨਲ ਹਾਈਵੇਅ 143ਏ 'ਤੇ ਪਿੰਡ ਟਾਟੀ ਨੇੜੇ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨ ਮਾਸੂਮ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੱਸ 'ਤੇ ਸੁਨੀਲ ਨਾਲ ਮਾਨਤੀ ਦੇ ਵਿਆਹ ਦਾ ਸਟਿੱਕਰ ਲੱਗਾ ਹੋਇਆ ਸੀ। ਟਰੱਕ ਨਾਲ ਹੋਈ ਭਿਆਨਕ ਟੱਕਰ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਹ ਸੁਣ ਕੇ ਆਸਪਾਸ ਦੇ ਲੋਕ ਉਥੇ ਆ ਗਏ। ਇਸ ਦੌਰਾਨ ਲੋਕਾਂ ਨੇ ਪੁਲਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 25 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦਾ ਇਲਾਜ ਰਾਂਚੀ ਦੇ ਰਿਮਸ ਹਸਪਤਾਲ 'ਚ ਜਾਰੀ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਜ਼ਖਮੀਆਂ ਦੇ ਪਰਿਵਾਰ ਵਾਲਿਆਂ ਨੂੰ ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲਦੀਆਂ ਨਜ਼ਰ ਆਈਆਂ। ਲੋਕ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਣ ਹਸਪਤਾਲ ਪਹੁੰਚੇ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ।