ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਉੱਚੀਆਂ ਕੀਮਤਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਭਾਰਤ ਜੋੜੋ ਯਾਤਰਾ ਉਨ੍ਹਾਂ ਦੇ 'ਲੁਟ-ਤੰਤਰ' ਵਿਰੁੱਧ 'ਲੋਕਤੰਤਰ' ਦੀ ਆਵਾਜ਼ ਹੈ। ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇ ਬਾਵਜੂਦ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਨਾ ਕੀਤੇ ਜਾਣ 'ਤੇ ਕਾਂਗਰਸ ਸਰਕਾਰ 'ਤੇ ਹਮਲਾ ਬੋਲ ਰਹੀ ਹੈ। "ਕੱਚਾ ਤੇਲ - 25 ਫੀਸਦੀ ਸਸਤਾ। ਐਲ.ਪੀ.ਜੀ - 40 ਫੀਸਦੀ ਸਸਤਾ। ਇਹ ਅੰਤਰਰਾਸ਼ਟਰੀ ਕੀਮਤ ਦੇ ਅੰਕੜੇ ਹਨ। ਇਸ ਦੇ ਬਾਵਜੂਦ ਪੈਟਰੋਲ, ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਕਿਉਂ ਨਹੀਂ ਘਟਾਈਆਂ ਗਈਆਂ?" ਗਾਂਧੀ ਨੇ ਹਿੰਦੀ ਵਿੱਚ ਇੱਕ ਟਵੀਟ ਵਿੱਚ ਕਿਹਾ। "ਸ਼੍ਰੀਮਾਨ ਪ੍ਰਧਾਨ ਮੰਤਰੀ, ਭਾਰਤ ਜੋੜੋ ਯਾਤਰਾ ਤੁਹਾਡੇ 'ਲੁਟ-ਤੰਤਰ' ਵਿਰੁੱਧ ਲੋਕਤੰਤਰ (ਜਮਹੂਰੀਅਤ) ਦੀ ਆਵਾਜ਼ ਹੈ। ਤੁਹਾਨੂੰ ਜਵਾਬ ਦੇਣਾ ਚਾਹੀਦਾ ਹੈ," ਉਸਨੇ ਕਿਹਾ। ਗਾਂਧੀ ਨੇ ਵੀਰਵਾਰ ਨੂੰ ਈਂਧਨ ਦੀਆਂ ਕੀਮਤਾਂ ਦੇ ਮੁੱਦੇ 'ਤੇ ਵੀ ਸਰਕਾਰ 'ਤੇ ਹਮਲਾ ਕਰਦੇ ਹੋਏ ਦੋਸ਼ ਲਗਾਇਆ ਸੀ ਕਿ ਜਿੱਥੇ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ, ਪ੍ਰਧਾਨ ਮੰਤਰੀ ਟੈਕਸਾਂ ਦਾ ਪੈਸਾ ਵਸੂਲਣ ਵਿਚ ਰੁੱਝੇ ਹੋਏ ਹਨ।