ਇੰਫਾਲ, 10 ਜੂਨ : ਕਾਂਗਪੋਕਪੀ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਅਤਿਵਾਦੀਆਂ ਨੇ ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਦੇ ਸੁਰੱਖਿਆ ਕਾਫ਼ਲੇ ਉੱਤੇ ਹਮਲਾ ਕੀਤਾ। ਇਹ ਹਮਲਾ ਜ਼ੈੱਡ ਸ਼੍ਰੇਣੀ ਦੇ ਸੁਰੱਖਿਆ ਕਰਮੀਆਂ 'ਤੇ ਕੀਤਾ ਗਿਆ ਸੀ। ਜਿਸ ਵਿੱਚ ਹੁਣ ਤੱਕ ਇੱਕ ਫੌਜੀ ਦੇ ਜ਼ਖਮੀ ਹੋਣ ਦੀ ਖਬਰ ਹੈ। ਕਾਫਲਾ ਹਿੰਸਾ ਪ੍ਰਭਾਵਿਤ ਜਿਰੀਬਾਮ ਜ਼ਿਲ੍ਹੇ ਵੱਲ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਦੇ ਵਾਹਨਾਂ 'ਤੇ ਕਈ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਨੇ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇਅ-53 ਦੇ ਇਕ ਹਿੱਸੇ 'ਤੇ ਕੋਟਲਾਨੇ ਪਿੰਡ ਨੇੜੇ ਅਜੇ ਵੀ ਗੋਲੀਬਾਰੀ ਜਾਰੀ ਹੈ। ਪੁਲਸ ਨੇ ਦੱਸਿਆ ਕਿ ਹਮਲੇ ਦੌਰਾਨ ਗੋਲੀ ਲੱਗਣ ਨਾਲ ਘੱਟੋ-ਘੱਟ ਇਕ ਫੌਜੀ ਜ਼ਖਮੀ ਹੋ ਗਿਆ। ਇੱਕ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, "ਮੁੱਖ ਮੰਤਰੀ ਬੀਰੇਨ ਸਿੰਘ, ਜੋ ਅਜੇ ਤੱਕ ਦਿੱਲੀ ਤੋਂ ਇੰਫਾਲ ਨਹੀਂ ਪਹੁੰਚੇ ਹਨ, ਜ਼ਿਲ੍ਹੇ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਲਈ ਜਿਰੀਬਾਮ ਜਾਣ ਦੀ ਯੋਜਨਾ ਬਣਾ ਰਹੇ ਸਨ।" ਸ਼ਨੀਵਾਰ ਨੂੰ ਸ਼ੱਕੀ ਅੱਤਵਾਦੀਆਂ ਨੇ ਜਿਰੀਬਾਮ 'ਚ ਦੋ ਪੁਲਸ ਚੌਕੀਆਂ, ਇਕ ਬੀਟ ਦਫਤਰ ਅਤੇ ਘੱਟੋ-ਘੱਟ 70 ਘਰਾਂ ਨੂੰ ਅੱਗ ਲਾ ਦਿੱਤੀ। ਅੱਤਵਾਦੀ ਹਮਲੇ 'ਚ ਜ਼ਖ਼ਮੀ ਹੋਏ ਸੁਰੱਖਿਆ ਬਲ ਨੂੰ ਇੰਫਾਲ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੀ ਗਿਣਤੀ ਵਧ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀਐਮ ਐਨ ਬੀਰੇਨ ਸਿੰਘ ਦੇ ਦੌਰੇ ਤੋਂ ਪਹਿਲਾਂ ਮਣੀਪੁਰ ਪੁਲਿਸ ਦੀ ਸੁਰੱਖਿਆ ਟੀਮ ਜੀਰੀਬਾਮ ਗਈ ਸੀ। ਫਿਲਹਾਲ ਇਸ ਮਾਮਲੇ 'ਚ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਹੈ।