ਸ਼੍ਰੀ ਹਜ਼ੂਰ ਸਾਹਿਬ ਨਾਂਦੇੜ : ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਅਬਿਚਲਨਗਰ ਸਾਹਿਬ,ਨਾਂਦੇੜ ਵਿਖੇ ਪੁਰਾਤਨ ਸਮਿਆਂ ਤੋਂ ਚੱਲੀ ਆਉਦੀ ਗੁਰੂਘਰ ਦੀ ਧਾਰਮਿਕ ਮਰਿਆਦਾ ਅਨੁਸਾਰ ਅੱਜ ਤਖ਼ਤ ਇਸ਼ਨਾਨ ਦੇ ਸ਼ੁਭ ਦਿਹਾੜੇ ਮੌਕੇ ਦੇਸ਼-ਵਿਦੇਸ਼ਾਂ ਤੋਂ ਵੱਡੀ ਤਦਾਦ ‘ਚ ਪੁੱਜੀਆਂ ਸ਼ਰਧਾਲੂ ਸੰਗਤਾਂ ਨੇ ਗੁਰੂ ਪ੍ਰਤੀ ਅਥਾਹ ਸ਼ਰਧਾ ਤੇ ਭਰਪੂਰ ਜੋਸ਼ ਨਾਲ ਗਾਗਰਾਂ ਅਤੇ ਹੋਰ ਵੱਖ-ਵੱਖ ਬਰਤਨਾਂ ਵਿਚ ਗੋਦਾਵਰੀ ਦੇ ਜਲ ਨੂੰ ਭਰ ਕੇ ਤਖ਼ਤ ਸਾਹਿਬ ਦਾ ਇਸ਼ਨਾਨ ਕਰਵਾਇਆ। ਸ਼ਰਨ ਸਿੰਘ ਸੋਢੀ ਨੇ ਮੌਕੇ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ ਵਿਚ ਇਹ ਦਿਨ ਹੀ ਅਜਿਹਾ ਆਉਦਾ ਹੈ, ਜਦੋਂ ਹਰ ਸ਼ਰਧਾਲੂ ਨੂੰ ਤਖਤ ਸਾਹਿਬ ਦੇ ਇਸ਼ਨਾਨ ਸੇਵਾ ਵਿਚ ਹੱਥੀ ਸੇਵਾ ਕਰਨ ਦਾ ਸੁਭਾਗ ਅਵਸਰ ਨਸੀਬ ਹੁੰਦਾ ਹੈ।ਇਸ ਵਾਰ ਮਾਨਯੋਗ ਡਾ: ਪੀ.ਐਸ ਪਸਰੀਚਾ ਮੁੱਖ ਪ੍ਰਬੰਧਕ ਗੁ: ਬੋਰਡ ਦੀ ਸੁਚੱਜੀ ਅਗਵਾਈ ‘ਚ ਸਮੁੱਚੇ ਸਮਾਗਮਾਂ ਦੇ ਪ੍ਰਬੰਧਕੀ ਇੰਤਜਾਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗਾਗਰੀ ਸਿੰਘ ਹਰ ਰੋਜ਼ ਅਮ੍ਰਿਤ ਵੇਲੇ ਧਾਰਮਿਕ ਮਰਿਆਦਾ ਅਨੁਸਾਰ ਇਕ ਗਾਗਰ ਗੋਦਾਵਰੀ ਜਲ ਲਿਆਦਾ ਹੈ, ਜਿਸ ਨਾਲ ਸਿੰਘ ਸਾਹਿਬ ਜੀ ਵਲੋਂ ਰੋਜਾਨਾ ਦੀ ਮਰਿਆਦਾ ਨਿਭਾਈ ਜਾਂਦੀ ਹੈ। ਅੱਜ ਦੇ ਦਿਨ ਮਰਿਆਦਾ ਅਨੁਸਾਰ ਨਿਯਤ ਸਮੇਂ ਅਨੁਸਾਰ ਸਿੰਘ ਸਾਹਿਬ ਜੀ ਨੇ ਅਰਦਾਸ ਕਰਕੇ ਤਖਤ ਸਾਹਿਬ ਜੀ ਦੇ ਇਸ਼ਨਾਨ ਦੀ ਸੇਵਾ ਦੀ ਅਰੰਭਤਾ ਕੀਤੀ। ਗਾਗਰੀ ਭਾਈ ਜਤਿੰਦਰ ਸਿੰਘ ਜੀ ਸ਼ਰਧਾਲੂ ਸੰਗਤਾਂ ਦੇ ਵੱਡੇ ਕਾਫਲੇ ਸਮੇਤ ਤਖਤ ਸਾਹਿਬ ਤੋਂ ਗੋਦਾਵਰੀ ਲਈ ਰਵਾਨਾ ਹੋਏ ਅਤੇ ਗੋਦਾਵਰੀ ‘ਚੋਂ ਜਲ ਦੀ ਗਾਗਰ ਭਰਨ ਉਪ੍ਰੰਤ ਗੋਦਾਵਰੀ ਦੇ ਤਟ ‘ਤੇ ਧਾਰਮਿਕ ਮਰਿਆਦਾ ਅਨੁਸਾਰ ਗੁਰਬਾਣੀ ਦੇ ਸ਼ਬਦ, ਅਰਦਾਸ ਕਰਨ ਉਪ੍ਰੰਤ ਤਖਤ ਸਾਹਿਬ ਲਈ ਰਵਾਨਾ ਹੋਏ। ਇਸ ਮੌਕੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਵਾਲੇ ਹਾਜ਼ਰ ਸਨ। ਗੁਰਦੁਆਰਾ ਲੰਗਰ ਸਾਹਿਬ ਵਲੋਂ ਸੰਤ ਬਾਬਾ ਨਰਿੰਦਰ ਸਿੰਘ-ਸੰਤ ਬਾਬਾ ਬਲਵਿੰਦਰ ਸਿੰਘ ਨੇ ਕਾਰ ਸੇਵਕਾਂ ਸਮੇਤ ਗਾਗਰੀ ਸਿੰਘ ਨੂੰ ਤੀਜੇ ਗੇੜ ਨੂੰ ਆਉਣ ‘ਤੇ ਸਨਮਨਿਤ ਕਰਦਿਆਂ ਸੰਗਤਾਂ ਸਮੇਤ ਲੰਗਰ ਛਕਣ ਲਈ ਬੇਨਤੀ ਕੀਤੀ। ਮਹਾਂਪੁਰਸ਼ਾਂ ਦੀ ਬੇਨਤੀ ‘ਕਬੂਲਦਿਆਂ ਤਖਤ ਸਾਹਿਬ ਦੇ ਗਾਗਰੀ ਸਿੰਘ ਨੇ ਵੱਡੀ ਗਿਣਤੀ ‘ਚ ਸੰਗਤਾਂ ਗੁ: ਲੰਗਰ ਸਾਹਿਬ ਵਿਖੇ ਉਚੇਚੇ ਤੌਰ ‘ਤੇ ਤਿਆਰ ਕੀਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਛਕੇ। ਇਸ ਮੌਕੇ ਸੁਪਰਡੈਂਟ ਸ੍ਰ: ਸ਼ਰਨ ਸਿੰਘ ਸੋਢੀ, ਸ੍ਰ: ਥਾਨ ਸਿੰਘ ਬੁੰਗੋਈ, ਸ੍ਰ: ਰਾਜਦਵਿੰਦਰ ਸਿੰਘ ਕੱਲ੍ਹਾ (ਦੋਨੋਂ ਡਿਪਟੀ ਸੁਪਰਡੈਂਟ) ਸਮੇਤ ਗੁ: ਬੋਰਡ ਦੇ ਅਧਿਕਾਰੀ ਅਤੇ ਸਥਾਨਕ ਸ਼ਖਸ਼ੀਅਤਾਂ ਹਾਜ਼ਰ ਸਨ। ਮਰਿਆਦਾ ਮੁਤਾਬਿਕ ਸੰਗਤਾਂ ਨੇ ਗਾਗਰੀ ਸਿੰਘ ਨਾਲ ਗੁ: ਹਦੂਦ ਅੰਦਰ ਦੋ ਵਾਰ ਪੁਰਾਤਨ ਬਾਉਲੀ ਵਿਚੋਂ ਜਲ ਦੀ ਲਿਆ ਦੇ ਤਖਤ ਇਸ਼ਨਾਨ ਦੀ ਸੇਵਾਵਾਂ ਵੀ ਨਿਭਾਈਆਂ। ਗੁਰੂ ਪ੍ਰਤੀ ਸ਼ਰਧਾ ਅਤੇ ਪ੍ਰੇਮ ਦੇ ਪੰਨਿਆਂ ਨੂੰ ਭਵਿੱਖ ਦੀਆਂ ਪੀੜ੍ਹੀਆਂ ਦੇ ਮਾਰਗ ਦਰਸ਼ਨ ਲਈ ਸੇਵਾ ਦਾ ਇਤਿਹਾਸ ਲਿਖਦਾ ਤਖਤ ਇਸ਼ਨਾਨ ਅੱਜ ਦਾ ਦ੍ਰਿਸ਼ ਸਿੱਖ ਦੇ ਧਰਮ ਜ਼ਜ਼ਬੇ ਦੀ ਨਿਵੇਕਲੀ ਮਿਸਾਲ ਜਾਪਿਆਂ।