ਆਂਧਰਾ ਪ੍ਰਦੇਸ਼, 17 ਮਈ : ਆਂਧਰਾ ਪ੍ਰਦੇਸ਼ ਦੇ ਪਲਨਾਡੂ ਜ਼ਿਲ੍ਹੇ ਦੇ ਇਕ ਪਿੰਡ 'ਚ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਵਿਚ ਆਉਣ ਨਾਲ 6 ਮਹਿਲਾ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਕਈ ਹੋਰਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸਾਰੀਆਂ ਔਰਤਾਂ ਆਟੋ ਰਿਕਸ਼ਾ 'ਚ ਸਵਾਰ ਸਨ, ਜਦੋਂਕਿ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਔਰਤਾਂ ਸੂਬੇ ਦੇ ਪਲਨਾਡੂ ਜ਼ਿਲ੍ਹੇ ਦੇ ਪੁਲੀਪਾਡੂ ਪਿੰਡ 'ਚ ਮਿਰਚਾਂ ਦੀ ਫਸਲ ਲੈਣ ਜਾ ਰਹੀਆਂ ਸਨ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਗੁੱਡਜਾਲਾ ਦੇ ਉਪਮੰਡਲ ਪੁਲਿਸ ਅਧਿਕਾਰੀ ਏ. ਪਲਾਪੂ ਰਾਜੂ ਨੇ ਦੱਸਿਆ ਕਿ ਗੁਡੂਰੂ ਤੋਂ ਲਖਨਊ ਜਾ ਰਹੇ ਨਿੰਬੂਆਂ ਵਾਲ ਭਰੇ ਟਰੱਕ ਨੇ ਸਵੇਰੇ 4.42 ਵਜੇ ਦੇ ਕਰੀਬ ਆਟੋਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਜ਼ਖਮੀਆਂ ਨੂੰ ਤੇਲੰਗਾਨਾ ਦੇ ਮਿਰਿਆਲਾਗੁਡਾ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੌਰਾਨ ਆਟੋਰਿਕਸ਼ਾ 'ਚ 12 ਔਰਤਾਂ ਸਵਾਰ ਸਨ, ਜਿਨ੍ਹਾਂ 'ਚੋਂ 6 ਦੀ ਮੌਤ ਹੋ ਗਈ। ਪੁਲਿਸ ਨੇ ਆਈਪੀਸੀ ਦੀ ਧਾਰਾ 304 (ਏ) ਅਤੇ 337 ਤਹਿਤ ਕੇਸ ਦਰਜ ਕਰ ਲਿਆ ਹੈ।