ਦਿੱਲੀ : 2018 ‘ਚ ਆਸਟ੍ਰੇਲੀਆ ‘ਚ 24 ਸਾਲਾ ਲੜਕੀ ਦਾ ਕਤਲ ਕਰਕੇ ਫਰਾਰ ਹੋਏ ਦੋਸ਼ੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਕ ਮਹੀਨਾ ਪਹਿਲਾਂ ਉਸ ‘ਤੇ 10 ਲੱਖ ਡਾਲਰ ਯਾਨੀ ਕਰੀਬ 8 ਕਰੋੜ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਮੁਲਜ਼ਮ ਕਤਲ ਤੋਂ ਦੋ ਦਿਨ ਬਾਅਦ ਹੀ ਭਾਰਤ ਆਇਆ ਸੀ। ਉਦੋਂ ਤੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਟੋਯਾਹ ਕੋਰਡਿੰਗਲੇ ਅਕਤੂਬਰ 2018 ਵਿੱਚ ਉੱਤਰੀ ਕੁਈਨਜ਼ਲੈਂਡ ਵਿੱਚ ਵੈਂਗੇਟੀ ਬੀਚ ਉੱਤੇ ਮ੍ਰਿਤਕ ਪਾਇਆ ਗਿਆ ਸੀ। ਕਤਲ ਦਾ ਦੋਸ਼ੀ ਰਾਜਵਿੰਦਰ ਸਿੰਘ (38) ਦੋ ਦਿਨ ਬਾਅਦ ਹੀ ਭਾਰਤ ਭੱਜ ਗਿਆ। ਆਸਟ੍ਰੇਲੀਆ ਤੋਂ ਫਰਾਰ ਹੋਣ ਦੇ ਚਾਰ ਸਾਲ ਬਾਅਦ ਪੁਲਿਸ ਨੇ ਸ਼ੁੱਕਰਵਾਰ ਨੂੰ ਰਾਜਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕੀਤੀ ਹੈ। ਆਸਟਰੇਲੀਆ ਵੱਲੋਂ ਪਿਛਲੇ ਸਾਲ ਮਾਰਚ ਵਿੱਚ ਹਵਾਲਗੀ ਦੀ ਅਪੀਲ ਕੀਤੀ ਗਈ ਸੀ। ਭਾਰਤ ਸਰਕਾਰ ਨੇ ਪਿਛਲੇ ਮਹੀਨੇ ਇਸ ਨੂੰ ਸਵੀਕਾਰ ਕਰ ਲਿਆ ਸੀ। ਰਾਜਵਿੰਦਰ ‘ਤੇ ਪਿਛਲੇ ਮਹੀਨੇ 1 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਇਹ ਕੁਈਨਜ਼ਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸੀ। ਪੁਲਿਸ ਨੂੰ ਉਮੀਦ ਸੀ ਕਿ ਰਾਜਵਿੰਦਰ ਸਿੰਘ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹਾਲਾਂਕਿ ਆਮ ਤੌਰ ‘ਤੇ ਦੋਸ਼ੀ ਨੂੰ ਫੜਨ ‘ਤੇ ਹੀ ਇਨਾਮ ਐਲਾਨਿਆ ਜਾਂਦਾ ਹੈ ਪਰ ਪੁਲਿਸ ਨੇ ਦੋਸ਼ੀ ਰਾਜਵਿੰਦਰ ਦੀ ਗ੍ਰਿਫਤਾਰੀ ‘ਤੇ ਇਨਾਮ ਰੱਖਿਆ ਸੀ। ਟੋਯਾਹ 21 ਅਕਤੂਬਰ 2018 ਨੂੰ ਆਪਣੇ ਕੁੱਤੇ ਨਾਲ ਬੀਚ ‘ਤੇ ਸੈਰ ਕਰਨ ਗਈ ਸੀ। ਦੋਸ਼ ਹੈ ਕਿ ਇਸ ਦੌਰਾਨ ਉਸ ‘ਤੇ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਜਦੋਂ ਟੋਯਾਹ ਘਰ ਨਹੀਂ ਪਰਤੀ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਟੋਯਾਹ ਦੀ ਲਾਸ਼ ਅਗਲੇ ਦਿਨ ਬੀਚ ‘ਤੇ ਮਿਲੀ ਸੀ। ਪੁਲਿਸ ਨੇ ਮੁਲਜ਼ਮ ਦੀ ਪਛਾਣ ਰਾਜਵਿੰਦਰ ਸਿੰਘ ਵਜੋਂ ਕੀਤੀ ਸੀ। ਰਾਜਵਿੰਦਰ ਸਿੰਘ ਹਸਪਤਾਲ ਵਿੱਚ ਕੰਮ ਕਰਦਾ ਸੀ। ਮੁਲਜ਼ਮ ਅੰਮ੍ਰਿਤਸਰ ਦੇ ਪਿੰਡ ਬੁੱਟਰ ਕਲਾ ਦਾ ਰਹਿਣ ਵਾਲਾ ਸੀ। ਉਹ ਆਪਣੀ ਪਤਨੀ, ਤਿੰਨ ਬੱਚੇ ਅਤੇ ਨੌਕਰੀ ਛੱਡ ਕੇ ਕਤਲ ਦੇ ਦੋ ਦਿਨ ਬਾਅਦ ਭਾਰਤ ਆਇਆ ਸੀ। ਪੁਲਿਸ ਨੇ ਰਾਜਵਿੰਦਰ ਸਿੰਘ ਦੀ ਫੋਟੋ ਜਾਰੀ ਕਰ ਦਿੱਤੀ ਪਰ ਉਹ ਉਸ ਤੋਂ ਪਹਿਲਾਂ ਹੀ ਭਾਰਤ ਆ ਗਿਆ। ਉਹ ਪੰਜਾਬ ਦੇ ਅੰਮ੍ਰਿਤਸਰ ਸਥਿਤ ਆਪਣੇ ਪਿੰਡ ਪਹੁੰਚਿਆ ਸੀ। ਹਾਲਾਂਕਿ ਰਾਜਵਿੰਦਰ ਸਿੰਘ ਦੇ ਪਰਿਵਾਰ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਸ ਨੇ ਦਾਅਵਾ ਕੀਤਾ ਕਿ ਉਹ ਮਾਰ ਨਹੀਂ ਸਕਦਾ ਸੀ। ਇੰਨਾ ਹੀ ਨਹੀਂ ਪਰਿਵਾਰ ਦਾ ਕਹਿਣਾ ਹੈ ਕਿ ਕਤਲ ਤੋਂ ਦੋ ਦਿਨ ਬਾਅਦ ਰਾਜਵਿੰਦਰ ਸਿੰਘ ਦਾ ਘਰ ਆਉਣਾ ਵੀ ਮਹਿਜ਼ ਇਤਫ਼ਾਕ ਸੀ।