ਜੋਧਪੁਰ, 21 ਅਗਸਤ : ਰਾਜਸਥਾਨ ਦੇ ਜੋਧਪੁਰ ਵਿੱਚ ਅੱਜ ਸਵੇਰੇ ਤਕਰੀਬਨ 6-00 ਵਜੇ ਨੈਸ਼ਨਲ ਹਾਈਵੇ ਤੇ ਇੱਕ ਕਾਰ ਅਤੇ ਸਲੀਪਰ ਬੱਸ ਵਿਚਕਾਰ ਓਵਰਟੇਕ ਕਰਨ ਸਮੇਂ ਹੋਈ ਭਿਆਨਕ ਟੱਕਰ ‘ਚ ਪਤੀ, ਪਤਨੀ ਅਤੇ ਪੁੱਤਰ ਦੀ ਮੌਤ ਗਈ ਅਤੇ ਦੋ ਜਖ਼ਮੀ ਹੋ ਗਏ। ਇਹ ਹਾਦਸਾ ਜੋਧਪੁਰ ਦਿਹਾਤੀ ਦੇ ਖੇੜਾਪਾ ਥਾਣਾ ਇਲਾਕੇ ‘ਚ ਚਟਾਲੀਆ ਨੇੜੇ ਨਗੌਰ ਦਾ ਹੈ। ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜਮ ਓਮ ਪ੍ਰਕਾਸ਼ ਨੇ ਦੱਸਿਆ ਕਿ ਲਕਸ਼ਮੀ ਟਰੈਵਲਜ਼ ਦੀ ਬੱਸ ਜੋਧਪੁਰ ਤੋਂ ਨਾਗੌਰ ਨੂੰ ਜਾ ਰਹੀ ਸੀ ਤੇ ਕਾਰ ਨਗੌਰ ਤੋਂ ਜੋਧਪੁਰ ਨੂੰ ਆ ਰਹੀ ਸੀ, ਤੇ ਪਿੰਡ ਚਟਾਲੀਆ ਨਜ਼ਦੀਕ ਦੋਵੇਂ ਵਾਹਨਾਂ ਦੀ ਆਪਸੀ ਟੱਕਰ ਹੋ ਗਈ, ਜਿਸ ਕਾਰਨ ਹਾਦਸੇ ‘ਚ ਰਾਮਕਰਨ (55), ਚੰਦੂਰੀ (52) ਤੇ ਰਾਮ ਨਿਵਾਸ (27) ਦੀ ਮੌਤ ਹੋ ਗਈ। ਮੋਨਿਕਾ ਤੇ ਕਮਲ ਕਿਸ਼ੋਰ ਜਖ਼ਮੀ ਹਨ। ਮ੍ਰਿਤਕ ਰਿਸ਼ਤੇ ‘ਚ ਪਤੀ-ਪਤਨੀ ਤੇ ਪੁੱਤਰ ਸਨ। ਜਖ਼ਮੀਆਂ ਨੂੰ ਇਲਾਜ ਲਈ ਮਾਥੁਰਦਾਸ ਮਾਥੁਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਉਨ੍ਹਾਂ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ।